ਮਾਨਸਾ, 10 ਜੁਲਾਈ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ
ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ
ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਚਾਂਦਪੁਰਾ ਘੱਗਰ ਵਿਚ
ਪਾਣੀ ਦੀ ਸਮਰੱਥਾ ਅਤੇ ਆਉਣ ਵਾਲੇ ਸੰਭਾਵੀ ਪਾਣੀ ਬਾਰੇ ਜਾਣਕਾਰੀ ਲੈਦਿਆਂ, ਤੁਰੰਤ
ਪਹਿਲਕਦਮੀ ਨਾਲ 50 ਹਜ਼ਾਰ ਤੋਂ ਵਧੇਰੇ ਗੱਟੇ ਪਾਣੀ ਨੂੰ ਕੰਟਰੋਲ ਕਰਨ ਲਈ ਭਰਤੀ ਕਰਵਾ
ਕੇ ਰੱਖਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਤੋਂ ਸੰਭਾਵੀ
ਹੜ੍ਹ ਕਾਰਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਅਤੇ ਖੇਤੀ ਏਰੀਆ ਬਾਰੇ ਵੀ ਵਿਸਥਾਰਪੂਰਵਕ
ਜਾਣਕਾਰੀ ਲਈ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ 500-500
ਤਰਪਾਲਾਂ ਤੁਰੰਤ ਐਸ.ਡੀ.ਐਮ ਬੁਢਲਾਡਾ ਅਤੇ ਐਸ.ਡੀ.ਐਮ. ਸਰਦੂਲਗੜ੍ਹ ਨੂੰ ਮੁਹੱਈਆ
ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ
ਤਾਲਮੇਲ ਕਰਕੇ ਪਸ਼ੂਆਂ ਦੇ ਲਈ ਹਰੇ ਚਾਰੇ ਅਤੇ ਤੂੜੀ ਦਾ ਢੁਕਵਾਂ ਪ੍ਰਬੰਧ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵੀ ਹੜ੍ਹ ਕਾਰਨ ਪ੍ਰਭਾਵਿਤ ਹੋਣ ਵਾਲੇ ਨੇੜਲੇ
ਪਿੰਡਾਂ ਦੇ ਵਸਨੀਕਾਂ ਲਈ ਰਾਸ਼ਨ ਸਪਲਾਈ ਸਮੇਤ ਹੋਰ ਲੋੜੀਂਦੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ
ਮੁਕੰਮਲ ਰੱਖੇ ਜਾਣ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ
ਲਈ ਟੈਂਕਰਾਂ ਦੀ ਵਿਵਸਥਾ 100 ਤੋਂ ਵਧੇਰੇ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ
ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਅਤੇ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਸੜ੍ਹਕਾਂ
’ਤੇ ਪਏ ਟੋਇਆਂ ਵਿਚ ਰੁਕਣ ਵਾਲੇ ਪਾਣੀ ਦੀ ਸਫਾਈ ਕਰਵਾਈ ਜਾਵੇ ਅਤੇ ਪਾਣੀ
ਕੱਢਣ ਵਾਲੀਆਂ ਮੋਟਰਾਂ ਦਾ ਵੱਧ ਤੋਂ ਵੱਧ ਪ੍ਰਬੰਧ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਜਾਇਜ਼ਾ ਲੈਂਦਿਆਂ ਦੱਸਿਆ ਕਿ ਪ੍ਰਸ਼ਾਸਨ
ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ
ਹੈ ਅਤੇ ਸਮੂਹ ਅਧਿਕਾਰੀਆਂ ਵੱਲੋਂ ਅਜਿਹੀ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ
ਨਜਿੱਠਣ ਲਈ ਬਚਾਅ ਕਾਰਜਾਂ ਲਈ ਲੋੜੀਂਦਾ ਜਰੂਰੀ ਸਾਮਾਨ ਤਿਆਰ ਰੱਖਿਆ ਜਾਵੇ
ਅਤੇ ਅਮਲੇ ਦੀਆਂ ਡਿਊਟੀਆਂ ਸਬੰਧੀ ਵੇਰਵੇ ਤਿਆਰ ਰੱਖੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਵਿੰਦਰ ਸਿੰਘ, ਐਸ.ਡੀ.ਐਮ. ਮਾਨਸਾ ਪ੍ਰਮੋਦ
ਸਿੰਗਲਾ, ਐਸ.ਡੀ.ਐਮ. ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲੀ, ਜ਼ਿਲ੍ਹਾ ਮਾਲ ਅਫ਼ਸਰ ਸੁਖਰਾਜ
ਸਿੰਘ ਤੋਂ ਇਲਾਵਾ ਡਰੇਨੇਜ਼, ਖੇਤੀਬਾੜੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ
ਮੰਡੀ ਅਫ਼ਸਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।