ਫਗਵਾੜਾ 26 ਜੂਨ (ਸ਼ਿਵ ਕੋੜਾ) ਪਿੰਡ ਗੁਲਾਬਗੜ੍ਹ ਜਗੀਰ ਵਿਖੇ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ 64ਵੀਂ ਸਲਾਨਾ ਬਰਸੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਤੇ ਭਗਤ ਜਵਾਲਾ ਦਾਸ ਜੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਈ ਗਈ। ਤਿੰਨ ਰੋਜਾ ਸਮਾਗਮ ਦੇ ਪਹਿਲੇ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਤੀਸਰੇ ਦਿਨ ਪਾਠ ਦੇ ਭੋਗ ਪਾਏ ਗਏ ਅਤੇ ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ ਚੱਕ ਪ੍ਰੇਮਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿਚ ਭਾਈ ਸਤਨਾਮ ਸਿੰਘ ਚਿਮਟੇ ਵਾਲੇ ਹੁਸੈਨਪੁਰ ਅਤੇ ਰਾਗੀ ਜੱਥਾ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਨੇ ਹਾਜਰੀ ਲਗਵਾਈ ਅਤੇ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਤ ਜੀ ਨੇ ਆਪਣਾ ਜੀਵਨ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਅਤੇ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਦੇ ਹੋਏ ਹੱਥੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਦਿੱਤਾ। ਜਿਹਨਾਂ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਉਹਨਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਹੱਥੀਂ ਬੂਟੇ ਲਗਾ ਕੇ ਉਹਨਾਂ ਦੀ ਪਰਵਰਿਸ਼ ਕਰਨ ਲਈ ਵੀ ਪ੍ਰੇਰਿਆ। ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ, ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚਾਹ ਪਕੌੜਿਆਂ ਅਤੇ ਠੰਡੇ ਮਿੱਠੇ ਜਲ ਤੋਂ ਇਲਾਵਾ ਗੁਰੂ ਘਰ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।