ਲੁਧਿਆਣਾ 2 ਜੁਲਾਈ (ਕਰਨੈਲ ਸਿੰਘ ਐੱਮ.ਏ.)-ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ “ਜਵੱਦੀ ਟਕਸਾਲ”ਵਲੋਂ ਗੁਰਬਾਣੀ ਪ੍ਰਚਾਰ-ਪਸਾਰ ਲਈ ਸਿਰਜੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨਿਰੰਤਰ ਕਾਰਜਸ਼ੀਲ ਹਨ। ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ “ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ”ਵਿਖੇ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਹੁੰਦਾ ਹੈ।ਜਿਸ ਵਿਚ ਰੁਹਾਨੀ ਗਿਆਨ ਦੀ ਪ੍ਰਾਪਤੀ ਲਈ ਜੁਗਿਆਸੂ-ਜਨ ਸੰਗਤੀ ਰੂਪ ‘ਚ ਜੁੜਕੇ ਗੁਰਮਤਿ ਸਮਾਗਮ ‘ਚ ਮਹਾਪੁਰਸ਼ਾਂ ਦੇ ਖੋਜ ਭਰਪੂਰ ਰੁਹਾਨੀ ਗਿਆਨ ਦੀਆਂ ਵਿਚਾਰਾਂ ਸਰਵਣ ਕਰਦੇ ਹਨ।ਅੱਜ ਦੇ ਹਫਤਾਵਾਰੀ ਸਮਾਗਮ ‘ਚ ਬਾਬਾ ਜੀ ਨੇ ਇਤਿਹਾਸਕ ਦਿਹਾੜਿਆਂ ਅਤੇ ਸਿੱਖ ਸ਼ਖਸ਼ੀਅਤਾਂ ਦਾ ਜਿਕਰ ਕਰਦਿਆਂ ਸੰਤ ਬਾਬਾ ਸੁਚਾ ਸਿੰਘ ਜੀ ਦੇ ਜੀਵਨ ਹਵਾਲੇ ਨਾਲ ਸਮਝਾਇਆ ਕਿ ਉਨ੍ਹਾਂ ਦਾ ਉਸਾਰੂ ਨਜ਼ਰੀਆ ਸਮਾਜ ਵਿਚਲੀਆਂ ਅਨੇਕਾਂ ਅਲਾਮਤਾਂ ਤੋਂ ਬਚਣ ਅਤੇ ਨਿਰੋਏ ਸਮਾਜ ਉਸਾਰੀ ਲਈ ਮਦਦਗਾਰ ਸਾਬਤ ਹੋਇਆ। ਬਾਬਾ ਜੀ ਨੇ ਅਜੋਕੇ ਦੌਰ ‘ਚ ਸਿੱਖ ਸਮਾਜ ਅਤੇ ਖਾਸ-ਕਰਕੇ ਪੰਜਾਬ ‘ਚ ਗੰਭੀਰ ਸਮੱਸਿਆਵਾਂ ਦਾ ਜਿਕਰ ਕਰਦਿਆਂ ਵੱਖ-ਵੱਖ ਅਲਾਮਤਾਂ ਨੂੰ ਫਰੋਲਦਿਆਂ ਨਸ਼ਿਆਂ ਦੇ ਮਾਰੂ ਜਹਿਰ ਅਤੇ ਉਨ੍ਹਾਂ ਤੋਂ ਨਿਕਲਦੇ ਬੁਰੇ ਪ੍ਰਵਾਵਾਂ ਸਬੰਧੀ ਬੇਬਾਕੀ ਨਾਲ ਹਲੂਣਾ ਦਿੰਦਿਆਂ ਫੁਰਮਾਇਆ ਕਿ “ਗੁਰਬਾਣੀ”ਵਿਚ ਥਾਂ-ਥਾਂ ਅਲਾਮਤਾਂ ਦੇ ਹਨੇ?ਹਰੇ ‘ਚੋਂ ਨਿਕਲਣ ਅਤੇ ਗਿਆਨ ਦੀ ਰੋਸ਼ਨੀ ਵੱਲ ਜਾਣ ਦੇ ਪ੍ਰਮਾਣ ਮਿਲਦੇ ਹਨ। ਉਨ੍ਹਾਂ ਅਜੋਕੇ ਸਿੱਖ ਸਮਾਜ ‘ਚ ਅਗਾਂਹ ਵਧੂ ਸੋਚ ਦੇ ਭਰਮ ‘ਚ ਉਲਝਿਆਂ ਨੂੰ ਹਲੂਣਿਆ ਕਿ ਬੇਗਾਨੀ ਸੋਚ, ਪਤਿਤਪੁਣਾ, ਬੇ-ਢੰਗੀ ਜੀਵਨ-ਜਾਂਚ ਸਮਾਜ ਦੇ ਭਵਿੱਖ ਲਈ ਮਾਰੂ ਸਾਬਤ ਹੋਣਗੇ, ਫੋਕੀ ਦਿਖਾਵੇਬਾਜੀ ਤਾਂ ਹਨ੍ਹੇਰੇ ਨੂੰ ਹੋਰ ਗੂੰੜ੍ਹਾ ਕਰੇਗੀ, ਇਸ ਲਈ ਵਿਚਾਰਾਂ ਅਤੇ ਅਮਲਾਂ ਨੂੰ ਛੱਡਣ ਵਾਲੇ ਅਸਲੀਅਤ ਨੂੰ ਸਮਝਣ, ਵਿਉਤਬੱਧ ਤੇ ਮਨ ਨੂੰ ਝਜੋੜਨ ਵਾਲਾ ਉਦਮ ਕਰਨ, ਅਕਾਲ ਪੁਰਖ ਵਾਹਿਗੁਰੂ ਜੀ ਸਮਰੱਥਾ ਬਖਸ਼ਣਗੇ।ਗੁਰੂ ਕਾ ਲੰਗਰ ਅਟੁੱਟ ਵਰਤਿਆ, ਸਮਾਗਮ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਸੁਚੱਜੇ ਇੰਤਜਾਮ ਕਾਬਲੇ-ਤਾਰੀਫ ਸਨ।