ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਪੁਲਿਸ ਵੱਲੋਂ ਗ੍ਰਿਫ਼ਤਾਰ, 5 ਦਿਨਾਂ ਦਾ ਮਿਲਿਆ ਰਿਮਾਂਡ
ਮਾਨਸਾ, 10 ਅਕਤੂਬਰ : ਦੀਪਕ ਟੀਨੂੰ ਨੂੰ ਫ਼ਰਾਰ ਕਰਵਾਉਣ ਦੇ ਮਾਮਲੇ ’ਚ ਉਸ ਦੀ ‘ਪ੍ਰੇਮਿਕਾ’ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਮੈਡੀਕਲ ਕਰਵਾਉਣ ਬਾਅਦ ਮਾਨਸਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ 14 ਅਕਤੂਬਰ ਤਕ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਫੜੀ ਗਈ ਲੜਕੀ ਨੂੰ ਮਾਨਸਾ ਜ਼ਿਲ੍ਹੇ ਤੋਂ ਬਾਹਰ ਕਿਸੇ ਥਾਣੇ ’ਚ ਲੈ ਕੇ ਗਏ ਸਨ। ਦੱਸਣਾ ਬਣਦਾ ਹੈ ਕਿ ਸੀਆਈਏ ਇੰਚਾਰਜ ਤੋਂ ਬਰਖ਼ਾਸਤ ਮੁਲਾਜ਼ਮ ਪ੍ਰਿਤਪਾਲ ਸਿੰਘ ਨੂੰ ਵੀ ਰਾਜਪੁਰਾ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਹਿਰਾਸਤ ’ਚ ਲਈ ਲੜਕੀ ਦਾ ਨਾਂ ਜਤਿੰਦਰ ਦੱਸਿਆ ਜਾ ਰਿਹਾ ਹੈ ਅਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਸੂਤਰਾਂ ਮੁਤਾਬਕ ਟੀਨੂੰ ਦੇ ਫ਼ਰਾਰ ਹੋਣ ਦੀ ‘ਯੋਜਨਾ’ ਗੋਇੰਦਵਾਲ ਸਾਹਿਬ ’ਚ ਉਲੀਕੀ ਗਈ ਸੀ। ਉਧਰ ਟੀਨੂੰ ਨੂੰ ਭਜਾਉਣ ’ਚ ਇਸ ਲੜਕੀ ਦਾ ਹੱਥ ਹੋਣ ਦੀ ਚਰਚਾ ਚੱਲ ਰਹੀਆਂ ਸਨ, ਭਾਵੇਂ ਟੀਨੂੰ ਦੀ ਇਸ ਮਿੱਤਰ ਨੂੰ ਫੜ ਕੇ ਪੁਲਿਸ ’ਤੇ ਲੱਗੇ ਕਲੰਕ ਨੂੰ ਧੋਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸਵਾਲ ਬਰਕਰਾਰ ਹੈ ਕਿ ਟੀਨੂੰ ਹਾਲੇ ਕਿਉਂ ਕਾਬੂ ਨਹੀਂ ਆ ਸਕਿਆ? ਬਰਖ਼ਾਸਤ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ਨੂੰ ਟੀਨੂੰ ਨੇ ਕਿਵੇਂ ਭਰੋਸੇ ’ਚ ਲਿਆ ਹੋਵੇਗਾ? ਇਹ ਸਾਰੇ ਸਵਾਲ ਐਸਆਈਟੀ ਨੇ ਹੱਲ ਕਰਨੇ ਹਨ।