ਬੇਸਮੈਂਟ ਦੀ ਖੁਦਾਈ ਦੌਰਾਨ ਵਾਪਰਿਆ ਵੱਡਾ ਹਾਦਸਾ, ਕੱਚੀ ਮਿੱਟੀ ਡਿੱਗਣ ਕਾਰਨ 2 ਦੀ ਮੌਤ, ਕਈ ਜ਼ਖ਼ਮੀ
ਚੰਡੀਗੜ੍ਹ, 10 ਅਕਤੂਬਰ : ਬੀਤੀ ਦੇਰ ਸ਼ਾਮ ਮੁਹਾਲੀ ਸਿਟੀ ਸੈਂਟਰ-2 ’ਚ ਬਿਲਡਿੰਗ ’ਚ ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ’ਚ ਕੱਚੀ ਮਿੱਟੀ ਡਿੱਗਣ ਕਾਰਨ 8 ਵਿਅਕਤੀ ਦੱਬੇ ਗਏ ਹਨ। ਪ੍ਰਸਾਸਨ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 4 ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ, ਜਦਕਿ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਅਧਿਕਾਰੀ ਹੁਣ ਸਿਰਫ ਇੱਕ ਮੌਤ ਦੀ ਪੁਸਟੀ ਕਰ ਰਹੇ ਹਨ।
ਮੌਕੇ ’ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। 4 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮੌਕੇ ’ਤੇ ਕਿੰਨੇ ਵਿਅਕਤੀ ਕੰਮ ਕਰ ਰਹੇ ਸਨ। ਪ੍ਰਸਾਸਨ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ’ਤੇ ਧਿਆਨ ਦੇ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਸਿਟੀ ਸੈਂਟਰ-2 ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਲੋਕਾਂ ਦੀ ਭੀੜ ਇਕੱਠੀ ਹੋ ਗਈ।
ਚਸਮਦੀਦਾਂ ਮੁਤਾਬਕ ਜਿਸ ਥਾਂ ’ਤੇ ਹਾਦਸਾ ਹੋਇਆ ਹੈ, ਉਸ ਦੇ ਨਾਲ ਹੀ 8 ਮੰਜਿਲਾ ਇਮਾਰਤ ਬਣੀ ਹੋਈ ਹੈ। ਹੁਣ ਇਸ ਥਾਂ ’ਤੇ ਇਮਾਰਤ ਉਸਾਰੀ ਜਾਣੀ ਸੀ। ਇੱਥੇ ਇੱਕ ਡਬਲ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਦੋ ਜੇਸੀਬੀ ਮਸੀਨਾਂ ਖੁਦਾਈ ’ਚ ਲੱਗੀਆਂ ਹੋਈਆਂ ਸਨ। ਅਚਾਨਕ ਉਪਰੋਂ ਕੱਚੀ ਮਿੱਟੀ ਡਿੱਗਣ ਕਾਰਨ ਉਥੇ ਕੰਮ ਕਰਦੇ ਲੋਕ ਦੱਬ ਗਏ। ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।