ਕੋਟਕਪੂਰਾ ਗੋਲੀਕਾਂਡ : ਐਸਆਈਟੀ ਨੇ ਟੈ੍ਫਿਕ ਲਾਇਟਾਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜ਼ਮੀਨ ਤੱਕ ਦੀ ਕੀਤੀ ਮਿਨਤੀ
ਫਰੀਦਕੋਟ, 16 ਅਕਤੂਬਰ : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਉਕਤ ਮਾਮਲਾ ਬੜੀ ਬਾਰੀਕੀ ਅਤੇ ਡੂੰਘਾਈ ਨਾਲ ਵਿਚਾਰਿਆ ਜਾ ਰਿਹਾ ਹੈ। ਭਾਵੇਂ ਇਸ ਸਬੰਧੀ ਮੀਡੀਆ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ ਜਾਂਦੀ ਪਰ ਅੱਜ ਚੁੱਪ-ਚੁਪੀਤੇ ਐੱਸਆਈਟੀ ਦੀ ਟੀਮ ਨੇ ਸਥਾਨਕ ਬੱਤੀਆਂ ਵਾਲੇ ਚੌਕ ’ਚ ਪੁੱਜ ਕੇ ਚਾਰੋਂ ਦਿਸ਼ਾਵਾਂ ’ਚ ਲੱਗੀਆਂ ਟੈ੍ਫਿਕ ਲਾਈਟਾਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜ਼ਮੀਨ ਤੱਕ ਦੀ ਮਿਣਤੀ ਕੀਤੀ, ਇਸ ਲਈ ਉਨ੍ਹਾਂ ਨੂੰ ਬਹੁਤ ਵੱਡੀਆਂ ਅਰਥਾਤ ਲੰਮੀਆਂ ਲੱਕੜ ਦੀਆਂ ਪੌੜੀਆਂ ਮੰਗਵਾ ਕੇ ਆਪਣਾ ਕੰਮ ਪੂਰਾ ਕਰਨ ਲਈ ਕਾਫੀ ਮਿਹਨਤ ਕਰਨੀ ਪਈ।
ਭਾਵੇਂ ਉਕਤ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਇਕਬਾਲ ਸਿੰਘ ਨਾਲ ਵਾਰ-ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਤਫਤੀਸ਼ ’ਚ ਲਿਆਂਦੀ ਜਾ ਰਹੀ ਤੇਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮਹਿਜ਼ ਇਕ ਮਹੀਨੇ ਅੰਦਰ ਐਸਆਈਟੀ ਦੇ ਕੋਟਕਪੂਰੇ ’ਚ ਤਿੰਨ ਗੇੜੇ, ਘਟਨਾ ਸਥਾਨ ਵਾਲੀ ਜਗ੍ਹਾ ਦੀ ਮਿਣਤੀ, ਉੱਚੇ ਖੰਭਿਆਂ ਵਾਲੇ ਪੋਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੱਖ-ਵੱਖ ਐਂਗਲਾਂ ਤੋਂ ਧਰਤੀ ਦੀ ਦੂਰੀ ਦੀ ਮਿਣਤੀ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਵਰਗੇ ਘਟਨਾਕ੍ਰਮ ਨਾਲ ਸਪੱਸ਼ਟ ਹੁੰਦਾ ਹੈ ਕਿ ਐੱਸਆਈਟੀ ਵਲੋਂ ਅਦਾਲਤ ’ਚ ਜਲਦ ਚਲਾਨ ਰਿਪੋਰਟਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।