ਫਿਰੋਜ਼ਪੁਰ 6 ਜੁਲਾਈ 2023
ਬਰਸਾਤੀ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਵਿਧਾਇਕ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਸ੍ਰੀ. ਰਜਨੀਸ ਦਹੀਆ ਵੱਲੋਂ ਹਲਕੇ ਦੀਆਂ ਨਹਿਰਾਂ, ਰਜਬਾਹਿਆਂ ਅਤੇ ਸੇਮਨਾਲਿਆਂ ਦਾ ਨਿਰੀਖਣ ਕਰਕੇ ਸਫਾਈ ਕਰਵਾਈ ਗਈ ਤਾਂ ਜੋ ਹਲਕੇ ਦੇ ਲੋਕਾਂ ਦੀਆਂ ਫਸਲਾਂ ਨੂੰ ਡੋਬੇ ਦੀ ਮਾਰ ਨਾ ਝੱਲਣੀ ਪਵੇ।
ਇਸ ਮੌਕੇ ਵਿਧਾਇਕ ਸ੍ਰੀ. ਰਜਨੀਸ ਦਹੀਆ ਨੇ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਕਾਰਨ ਹਲਕੇ ਦੇ ਮੋਹਕਮ ਭੱਟੀ, ਸਹਿਜ਼ਾਦੀ ਅਤੇ ਸ਼ਕੂਰ ਆਦਿ ਪਿੰਡਾਂ ਨੂੰ ਡੋਬੇ ਦੀ ਮਾਰ ਝੱਲਣੀ ਪਈ ਸੀ। ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਇਨ੍ਹਾਂ ਸੇਮਨਾਲਿਆਂ ਦੀ ਸਫਾਈ ਕਰਵਾਈ ਗਈ ਹੈ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੁੰ ਕੁਦਰਤੀ ਆਫਤਾਂ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲ ਦੀ ਬਿਜਾਈ ਲਈ ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਟੇਲਾਂ ਵਾਲੇ ਕਿਸਾਨਾਂ ਨੂੰ ਵੀ ਪੂਰੀ ਮਾਤਰਾ ਵਿੱਚ ਨਹਿਰੀ ਪਾਣੀ ਮਿਲਿਆ ਹੈ।
ਵਿਧਾਇਕ ਸ੍ਰੀ. ਦਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਫਸਲਾਂ ਦੇ ਖਰਾਬੇ ਦੇ ਪੈਸੇ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ ਸਨ। ਇਸ ਸਾਲ ਪੰਜਾਬ ਸਰਕਾਰ ਵੱਲੋਂ ਨਹਿਰਾਂ, ਰਜਬਾਹਿਆਂ ਅਤੇ ਸੇਮਨਾਲਿਆਂ ਦੀ ਸਫਾਈ ਕਰਵਾਈ ਗਈ ਹੈ ਅਤੇ ਵਿਭਾਗੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਰਸਾਤੀ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰ ਲਏ ਜਾਣ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਸੇਮਨਾਲਿਆਂ, ਨਹਿਰਾਂ ਦੀ ਸਫਾਈ ਲਈ ਅਤੇ ਨਿਰਵਿਘਨ ਸਪਲਾਈ ਲਈ ਸ੍ਰੀ. ਦਹੀਆ ਦਾ ਧੰਨਵਾਦ ਕੀਤਾ। ਇਸ ਮੌਕੇ ਆਪ ਆਗੂ ਰੌਬੀ ਸੰਧੂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ
- ਪਿੰਡ ਸ਼ਕੂਰ ਵਿਖੇ ਸੇਮਨਾਲੇ ਦੀ ਹੋਈ ਸਫਾਈ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਸ੍ਰੀ.ਰਜਨੀਸ ਦਹੀਆ
- ਸਫਾਈ ਤੋਂ ਪਹਿਲਾ ਸੇਮਨਾਲਿਆਂ ਦੀ ਹਾਲਤ
- ਧੰਨਵਾਦ ਕਰਦੇ ਇਲਾਕੇ ਦੇ ਕਿਸਾਨ