ਪਟਨਾ ‘ਚ ਵਿਰੋਧੀ ਧਿਰ ਦੀ ਏਕਤਾ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘ਅਸੀਂ ਇਕੱਠੇ ਮਿਲ ਕੇ ਭਾਜਪਾ ਨੂੰ ਹਰਾਉਣ ਜਾ ਰਹੇ ਹਾਂ।’ ਅਸੀਂ ਕਰਨਾਟਕ ਵਿੱਚ ਭਾਜਪਾ ਨੂੰ ਹਰਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤੇਲੰਗਾਨਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਰਾਹੁਲ ਗਾਂਧੀ ਨੇ ਕਿਹਾ, ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਦੀ ਲੜਾਈ ਚੱਲ ਰਹੀ ਹੈ, ਇੱਕ ਸਾਡਾ ਭਾਰਤ ਜੋੜੋ ਅਤੇ ਦੂਜੇ ਪਾਸੇ ਭਾਜਪਾ ਦੀ ਭਾਰਤ ਤੋੜੋ ਵਿਚਾਰਧਾਰਾ। ਬੀਜੇਪੀ ਹਿੰਦੂਸਤਾਨ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਨਫ਼ਰਤ ਅਤੇ ਹਿੰਸਾ ਫੈਲਾਉਣ ਦਾ ਕੰਮ ਰਹੀ ਹੈ ਤੇ ਕਾਂਗਰਸ ਪਾਰਟੀ ਜੋੜਨ ਦਾ ਕੰਮ ਕਰ ਰਹੀ ਹੈ ਤੇ ਪਿਆਰ ਫੈਲਾਉਣ ਦਾ ਕੰਮ ਕਰ ਰਹੀ ਹੈ। ਨਫਰਤ ਨੂੰ ਨਫਰਤ ਨਾਲ ਨਹੀਂ ਕੱਟਿਆ ਜਾ ਸਕਦਾ, ਨਫਰਤ ਨੂੰ ਪਿਆਰ ਨਾਲ ਹੀ ਕੱਟਿਆ ਜਾ ਸਕਦਾ ਹੈ।
ਨੀਤੀਸ਼ ਨੇ ਸੱਦੀ ਵਿਰੋਧੀਆਂ ਧਿਰਾਂ ਦੀ ਬੈਠਕ
ਨਿਤੀਸ਼ ਕੁਮਾਰ ਦੇ ਸੱਦੇ ‘ਤੇ ਸ਼ੁੱਕਰਵਾਰ (23 ਜੂਨ) ਨੂੰ ਪਟਨਾ ‘ਚ ਵਿਰੋਧੀ ਪਾਰਟੀਆਂ ਦਾ ਵਿਸ਼ਾਲ ਇਕੱਠ ਹੋਣ ਜਾ ਰਿਹਾ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਪਟਨਾ ਪਹੁੰਚ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਬੈਠਕ ‘ਚ ਸ਼ਾਮਲ ਹੋ ਰਹੇ ਹਨ।
ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਟਨਾ ਸਥਿਤ ਕਾਂਗਰਸ ਦਫ਼ਤਰ ਦਾ ਦੌਰਾ ਕੀਤਾ। ਇੱਥੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸਮਝ ਗਿਆ ਹੈ ਕਿ ਨਰਿੰਦਰ ਮੋਦੀ ਅਤੇ ਭਾਜਪਾ ਦਾ ਮਤਲਬ ਸਿਰਫ਼ 2-3 ਲੋਕਾਂ ਨੂੰ ਫਾਇਦਾ ਪਹੁੰਚਾਉਣਾ ਹੈ, ਜਦਕਿ ਕਾਂਗਰਸ ਦਾ ਮਤਲਬ ਦੇਸ਼ ਦੇ ਗਰੀਬਾਂ ਨਾਲ ਖੜ੍ਹਨਾ ਅਤੇ ਉਨ੍ਹਾਂ ਲਈ ਕੰਮ ਕਰਨਾ ਹੈ।
ਜੇ ਬਿਹਾਰ ਜਿੱਤ ਗਏ ਤਾਂ ਭਾਰਤ ਜਿੱਤ ਜਾਵਾਂਗੇ-ਮਲਿਕਾਰਜੁਨ ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕਾਂਗਰਸ ਦਫਤਰ ‘ਤੇ ਕਿਹਾ, ਜੋ ਵੀ ਨੇਤਾ ਇਸ ਕਾਂਗਰਸ ਦਫਤਰ ਤੋਂ ਨਿਕਲਿਆ ਉਹ ਦੇਸ਼ ਦੀ ਆਜ਼ਾਦੀ ਲਈ ਲੜਿਆ। ਸਾਨੂੰ ਮਾਣ ਹੈ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਜੀ ਇਸੇ ਧਰਤੀ ਤੋਂ ਸੀ। ਜੇ ਅਸੀਂ ਬਿਹਾਰ ਜਿੱਤ ਗਏ ਤਾਂ ਪੂਰੇ ਭਾਰਤ ਵਿੱਚ ਜਿੱਤ ਪ੍ਰਾਪਤ ਕਰਾਂਗੇ।