ਦਰਦਨਾਕ ਹਾਦਸਾ : ਆਪਣੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਨੌਜਵਾਨ ਅਤੇ ਦੋਸਤ ਦੀ ਹਾਦਸੇ ’ਚ ਮੌਤ
ਤਰਨਤਾਰਨ, 29 ਅਕਤੂਬਰ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਂ ਨਜ਼ਦੀਕ ਬੁਲਟ ਮੋਟਰਸਾਈਕਲ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ’ਤੇ ਸਵਾਰ ਦੋ ਦੋਸਤਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦਾ ਦੁਖਦਾਈ ਪਹਿਲੂ ਇਹ ਰਿਹਾ ਕਿ ਮਰਨ ਵਾਲਿਆਂ ’ਚੋਂ ਇਕ ਨੌਜਵਾਨ ਦਾ ਕੁਝ ਦਿਨ ਬਾਅਦ ਵਿਆਹ ਸੀ ਅਤੇ ਉਹ ਆਪਣੇ ਦੋਸਤ ਸਮੇਤ ਵਿਆਹ ਦੇ ਕਾਰਡ ਵੰਡਣ ਲਈ ਜਾ ਰਿਹਾ ਸੀ। ਜਿਸ ਦੇ ਚਲਦਿਆਂ ਜਿਥੇ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਤਬਦੀਲ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮਜੀਠਾ ਦੀ ਵਾਰਡ ਨੰਬਰ 1 ’ਚ ਰਹਿਣ ਵਾਲੇ ਸ਼ਰਨਜੀਤ ਸਿੰਘ (30) ਦਾ 21-22 ਨਵੰਬਰ ਨੂੰ ਵਿਆਹ ਸੀ। ਜਿਸ ਦੇ ਚਲਦਿਆਂ ਸ਼ਰਨਜੀਤ ਸਿੰਘ ਪ੍ਰਦੀਪ ਸਿੰਘ (28) ਜੋ ਉਸ ਦਾ ਦੋਸਤ ਹੈ ਅਤੇ ਉਸੇ ਮੁਹੱਲੇ ’ਚ ਰਹਿੰਦਾ ਹੈ ਸਮੇਤ ਪਿੰਡ ਜਾਮਾਰਾਏ ’ਚ ਵਿਆਹ ਦੇ ਕਾਰਡ ਦੇਣ ਲਈ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਕੋਟ ਮੁਹੰਮਦ ਖਾਂ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਹਾਦਸੇ ’ਚ ਸ਼ਰਨਜੀਤ ਸਿੰਘ ਅਤੇ ਪ੍ਰਦੀਪ ਸਿੰਘ ਗੰਭੀਰ ਰੂਪ ’ਚ ਜਖਮੀ ਹੋ ਗਏ। ਜਿਨ੍ਹਾਂ ਨੂੰ ਪਹਿਲਾਂ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲਿਜਾਇਆ ਗਿਆ। ਜਿਥੋਂ ਗੰਭੀਰ ਹਾਲਤ ਦੇ ਚਲਦਿਆਂ ਦੋਵਾਂ ਨੂੰ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ ਭੇਜਿਆ ਗਿਆ, ਪਰ ਦੋਵਾਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਦੇ ਭਰਾ ਗੁਰਪਿੰਦਰ ਸਿੰਘ ਦੇ ਬਿਆਨਾਂ ’ਤੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਟਰੈਕਟਰ ਟਰਾਲੀ ਜਿਸ ਦੇ ਸਮੇਤ ਹੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੇ ਖਿਲਾਫ਼ ਥਾਣਾ ਸ੍ਰੀ ਗੋਇੰਦਵਾਲ ਸਾਹਿਬ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਕਰਵਾਇਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਏਐਸਆਈ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।