ਪਟਿਆਲਾ, 16 ਜੂਨ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦਾ ਅੱਜ ਪਟਿਆਲਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੰਜਾਬ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਲੋਕ ਹਿਤ ਦੇ ਕੰਮਾਂ ਕਰਕੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਵਧ ਰਹੀ ਹੈ। ਇਸ ਲੋਕਪ੍ਰਿਯਤਾ ਅੱਗੇ ਵਿਰੋਧੀ ਪਾਰਟੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਅਤੇ ਸਿਰਫ਼ ਫ਼ਾਲਤੂ ਦੀਆਂ ਗੱਲਾਂ ਕਰਕੇ ਸਮਾਂ ਲੰਘਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਹੁੰਦਾ ਅਤੇ ਆਪ ਪਾਰਟੀ ਨੂੰ ਭੰਡਣ ਲਈ ਹੀ ਤਤਪਰ ਰਹਿੰਦੇ ਹਨ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ। ਕਾਰਜਕਾਰੀ ਪ੍ਰਧਾਨ ਬਣਨ ’ਤੇ ਵਿਧਾਇਕ ਬੁੱਧ ਰਾਮ ਨੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵਤ ਸਿੰਘ ਮਾਨ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ। ਪੰਜਾਬ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕੋ ਇਕ ਪਾਰਟੀ ਹੈ, ਜੋ ਕੇ ਹਰ ਵਾਲੰਟੀਅਰ ਦੀ ਮਿਹਨਤ ਦਾ ਮੁੱਲ ਮੋੜ ਰਹੀ ਹੈ। ਇਹ ਇਕ ਅਜਿਹੀ ਪਾਰਟੀ ਹੈ, ਜਿਸ ਨੇ ਆਮ ਘਰਾਂ ਦੇ ਨੌਜਵਾਨਾ ਨੂੰ ਵਿਧਾਇਕ ਅਤੇ ਚੇਅਰਮੈਨ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਘਰਾਣਿਆਂ ਦੀਆਂ ਸਰਦਾਰੀਆਂ ਜਾਂਦੀਆਂ ਵੇਖ ਕੇ ਰਵਾਇਤੀ ਪਾਰਟੀਆਂ ਦੇ ਲੀਡਰ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਲੋਕਾਂ ਨੂੰ ਸਭ ਸਮਝ ਆ ਚੁੱਕਿਆ ਹੈ ਕਿ ਸਿਰਫ਼ ‘ਆਪ’ ਪਾਰਟੀ ਹੀ ਉਨ੍ਹਾਂ ਦੀ ਭਲਾਈ ਦਾ ਕੰਮ ਕਰ ਸਕਦੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ, ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਗੋਪਾਲ ਕ੍ਰਿਸ਼ਨ ਗਰਗ, ਦਰਸ਼ਨ ਸਿੰਘ ਧੀਮਾਨ, ਲਲਿਤ ਚੰਦ ਅਤੇ ਰਜਤ ਜਿੰਦਲ ਵੀ ਮੌਜੂਦ ਸਨ।