ਪੰਜਾਬ ਵਕਫ਼ ਬੋਰਡ ਵੱਲੋਂ ਅੰਮ੍ਰਿਤਸਰ ਦੀਆਂ ਮਸਜਿਦਾਂ ਨੂੰ 7.80 ਲੱਖ ਦੀ ਵਿੱਤੀ ਸਹਾਇਤਾ ਜਾਰੀ
ਮੁਸਲਿਮ ਭਾਈਚਾਰੇ ਦੀਆਂ ਜਾਇਜ਼ ਸਮੱਸਿਆਵਾਂ ਪਹਿਲਕਦਮੀ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ, ਕਬਰਿਸਤਾਨਾਂ ਦਾ ਰਾਖਵਾਂਕਰਨ ਅਤੇ ਮਸਜਿਦਾਂ ਦਾ ਵਿਕਾਸ ਮੁੱਖ ਤਰਜੀਹ ਹੋਵੇਗੀ।
ਅੰਮ੍ਰਿਤਸਰ 13 ਜੂਨ-(ਗੁਰਮੀਤ ਸਿੰਘ ਰਾਜਾ )
ਪੰਜਾਬ ਵਕਫ਼ ਬੋਰਡ ਵੱਲੋਂ ਵੱਖ-ਵੱਖ ਮਸਜਿਦਾਂ ਦੇ ਵਿਕਾਸ ਲਈ ਪਿਛਲੇ 6 ਮਹੀਨਿਆਂ ਦੌਰਾਨ ਵੱਡੇ ਪੱਧਰ ’ਤੇ ਫੰਡ ਜਾਰੀ ਕੀਤੇ ਗਏ ਹਨ। ਪਿਛਲੇ ਪੰਜ ਮਹੀਨਿਆਂ ਦੌਰਾਨ ਅੰਮ੍ਰਿਤਸਰ ਜ਼ੋਨ ਦੀਆਂ ਵੱਖ-ਵੱਖ ਮਸਜਿਦਾਂ ਨੂੰ 7.80 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਸ ਸਦਕਾ ਮਸਜਿਦਾਂ ਦੇ ਨਵੇਂ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ ਅਤੇ ਜੋ ਮਸਜਿਦਾਂ ਖ਼ਰਾਬ ਹੋ ਗਈਆਂ ਸਨ, ਉਨ੍ਹਾਂ ਦੇ ਮੁੜ ਵਸੇਬੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਪੰਜਾਬ ਵਕਫ਼ ਬੋਰਡ ਅੰਮ੍ਰਿਤਸਰ ਦੇ ਅਸਟੇਟ ਅਫਸਰ ਨਦੀਮ ਅਹਿਮਦ ਖਾਨ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮਸਜਿਦਾਂ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ। ਪਿੰਡ ਜੇਠੂਵਾਲ, ਅੰਮ੍ਰਿਤਸਰ ਦੀ ਮਸਜਿਦ ਨੂੰ 2.80 ਲੱਖ, ਜਾਮਾ ਮਸਜਿਦ ਫਤਿਆਬਾਦ ਤਹਿਸੀਲ ਖਡੂਰਸਾਹਿਬ ਜ਼ਿਲਾ ਤਰਨਤਾਰਨ ਨੂੰ 1.50 ਲੱਖ, ਜਾਮਾ ਮਸਜਿਦ ਸਠਿਆਲਾ ਤਹਿਸੀਲ ਬਾਬਾ ਬਕਾਲਾ ਨੂੰ 1.50 ਲੱਖ, ਤਹਿਸੀਲ ਬਾਬਾ ਬਕਾਲਾ ਦੀ ਮਸਜਿਦ ਪਿੰਡ ਠੱਟੀਆਂ ਨੂੰ 50 ਹਜ਼ਾਰ, ਮਸਜਿਦ ਖਲੀਫਾ ਰਜਾ-ਏ-ਮੁਸਤਫਾ ਜਲਿਆਂਵਾਲਾ ਬਾਗ ਅੰਮ੍ਰਿਤਸਰ ਨੂੰ 1.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ।
ਇਸ ਤੋਂ ਇਲਾਵਾ ਪਿਛਲੇ ਮਹੀਨਿਆਂ ਵਿੱਚ ਇੱਕ ਦੁਰਘਟਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ 50,000 ਰੁਪਏ ਦੀ ਚੈਰਿਟੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2022-23 ਵਿੱਚ 5.55 ਕਰੋੜ ਦਾ ਮਾਲੀਆ ਇਕੱਠਾ ਹੋਇਆ ਸੀ, ਇਸ ਵਾਰ ਇਹ ਟੀਚਾ ਵਧਾ ਕੇ 15 ਕਰੋੜ ਕਰ ਦਿੱਤਾ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਸਾਰੇ ਮੁਲਾਜ਼ਮ ਕੰਮ ਕਰ ਰਹੇ ਹਨ।
ਪ੍ਰਸ਼ਾਸਕ ਐਮਐਫ ਫਾਰੂਕੀ ਆਈਪੀਐਸ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਕਬਰਸਤਾਨ ਅਤੇ ਮਸਜਿਦਾਂ ਦੀ ਦੇਖਭਾਲ ਕਰਨਾ ਹੈ। ਇਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਜ਼ਿਲ੍ਹੇ ਦੇ ਅਸਟੇਟ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ, ਇਸ ਤੋਂ ਇਲਾਵਾ ਨਿਯਮਾਂ ਅਨੁਸਾਰ ਮਸਜਿਦਾਂ ਦੇ ਵਿਕਾਸ ਲਈ ਵੀ ਮਦਦ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਵੱਡੇ ਜ਼ਿਲਿ੍ਹਆਂ ਵਿੱਚ ਮੁਸਲਿਮ ਭਾਈਚਾਰੇ ਲਈ ਕਈ ਵੱਡੇ ਕੰਮ ਕੀਤੇ ਜਾਣਗੇ। ਅੰਮ੍ਰਿਤਸਰ ਦੀਆਂ 4 ਵੱਖ-ਵੱਖ ਨਵੀਆਂ ਮਸਜਿਦਾਂ, ਜਿਨ੍ਹਾਂ ਵਿੱਚ ਮਸਜਿਦ ਪਿੰਡ ਜੇਠੂਵਾਲ, ਮਸਜਿਦ ਖਜੂਰਵਾਲੀ, ਮਸਜਿਦ ਖਲੀਫਾ ਰਜ਼ਾ-ਏ-ਮੁਸਤਫਾ, ਮਸਜਿਦ ਸੀਕਰੀ, ਹਮਜ਼ਾ ਮਸਜਿਦ ਨੂੰ 6-6 ਹਜ਼ਾਰ ਦੀ ਮਹੀਨਾਵਾਰ ਸਹਾਇਤਾ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਮਸਜਿਦਾਂ ਵਿੱਚ ਮੁਅਜ਼ਿਮ ਨਿਯੁਕਤ ਕੀਤੇ ਗਏ ਹਨ। ਵੇਰਕਾ ਨੇੜਲੇ ਪਿੰਡ ਮੁੱਦਲ ਵਿੱਚ 4 ਕਨਾਲ 6 ਮਰਲੇ ਦਾ ਕਬਰਿਸਤਾਨ ਮੁਸਲਿਮ ਭਾਈਚਾਰੇ ਨੂੰ ਦਿੱਤਾ ਗਿਆ ਹੈ।
ਫਾਈਲ ਫੋਟੋ : ਫਾਰੂਕੀ
===—