ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਿਰੋਜ਼ਪੁਰ
ਪੰਜਾਬ ਦੇ ਰਾਜਪਾਲ ਦੀ ਆਮਦ ਸਬੰਧੀ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
– ਸਰਹੱਦੀ ਖੇਤਰ ਦੇ ਪਿੰਡ ਗੱਟੀ ਰਾਜੋ ਕਾ ਦਾ ਕਰਨਗੇ ਦੌਰਾ, ਉੱਚ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ
ਫਿਰੋਜ਼ਪੁਰ, 7 ਜੂਨ 2023
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਦੀ ਫਿਰੋਜ਼ਪੁਰ ਆਮਦ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਸ਼ਹੀਦ ਭਾਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਸ. ਭੁਪਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਸੁਰੱਖਿਆ ਅਤੇ ਜ਼ਰੂਰੀ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਨਯੋਗ ਰਾਜਪਾਲ ਦੀ ਆਮਦ ‘ਤੇ ਲਗਾਈ ਗਈ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਦਾ ਦੌਰਾ ਕਰਨਗੇ ਅਤੇ ਇਸ ਉਪਰੰਤ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਉਪਰੰਤ ਉਨ੍ਹਾਂ ਵੱਲੋਂ ਗੱਟੀ ਰਾਜੋ ਕੇ ਸਕੂਲ ਵਿਖੇ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰੁਣ ਕੁਮਾਰ ਸ਼ਰਮਾ, ਐਸ.ਡੀ.ਐਮ. ਫਿਰੋਜ਼ਪੁਰ ਸ. ਰਣਜੀਤ ਸਿੰਘ, ਐਸ.ਡੀ.ਐਮ. ਜ਼ੀਰਾ ਸ. ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੂਰਜ ਕੁਮਾਰ, ਐਸ.ਪੀ.ਐੱਚ ਸ੍ਰੀ ਸੋਹਣ ਲਾਲ ਸੋਨੀ, ਐਸ.ਪੀ.ਡੀ. ਸ੍ਰੀ ਰਣਧੀਰ ਕੁਮਾਰ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਬੀ.ਡੀ.ਪੀ.ਓ. ਸ੍ਰੀ ਵਿਨੋਦ ਕੁਮਾਰ, ਐਸ.ਬੀ.ਐਸ. ਯੂਨੀਵਰਸਿਟੀ ਤੋਂ ਡਾ. ਲਲਿਤ ਸ਼ਰਮਾ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।