ਭਵਾਨੀਗੜ੍ਹ/ਸੰਗਰੂਰ, 7 ਜੂਨ: 2023:
ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਦੀ ਨੁਹਾਰ ਸੰਵਾਰਨ ਦੀ ਦਿਸ਼ਾ ਵਿੱਚ ਅਸੀਂ ਲਗਾਤਾਰ ਯਤਨਸ਼ੀਲ ਹਾਂ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਨਦਾਮਪੁਰ ਵਿਖੇ ਭਵਾਨੀਗੜ੍ਹ ਬਲਾਕ ਅਧੀਨ ਆਉਂਦੀਆਂ 19 ਗ੍ਰਾਮ ਪੰਚਾਇਤਾਂ ਨੂੰ ਗਰਾਂਟਾਂ ਜਾਰੀ ਕਰਦਿਆ ਪ੍ਰਵਾਨਗੀ ਪੱਤਰ ਦਿੱਤੇ । ਇਸ ਮੌਕੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਹਲਕਾ ਨਿਵਾਸੀਆਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣਾ ਹੈ ਅਤੇ ਇਸੇ ਮਨੋਰਥ ਨੂੰ ਪੂਰਾ ਕਰਨ ਹਿੱਤ ਹੀ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਨਾਂ ਦੀ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਹੈ।
ਵਿਧਾਇਕ ਨੇ ਦੱਸਿਆ ਕਿ ਅੱਜ ਪੰਚਾਇਤ ਸੰਮਤੀ ਭਵਾਨੀਗੜ੍ਹ ਅਧੀਨ ਆਉਂਦੇ ਪਿੰਡਾਂ ਨਕਟੇ, ਨਰੈਣਗੜ੍ਹ, ਭਰਾਜ, ਦਿੱਤੂਪੁਰ, ਜਲਾਣ, ਨਦਾਮਪੁਰ, ਰਾਜਪੁਰਾ, ਖੇੜੀ ਗਿੱਲਾਂ, ਕਪਿਆਲ, ਜੌਲੀਆਂ, ਸਕਰੌਦੀ, ਮਹਿਸਮਪੁਰ, ਹਰਕਿਸ਼ਨਪੁਰਾ, ਖੇੜੀ ਚੰਦਵਾ, ਲੱਖੇਵਾਲ, ਫਤਿਹਗੜ੍ਹ ਭਾਦਸੋਂ, ਕਾਕੜਾ, ਬਟਰਿਆਣਾ ਤੇ ਬਲਿਆਲ ਦੀਆਂ ਪੰਚਾਇਤਾਂ ਨੂੰ ਇਸ ਯੋਜਨਾ ਤਹਿਤ ਟਾਈਡ ਤੇ ਅਨਟਾਈਡ ਫੰਡ ਵਜੋਂ 87.40 ਲੱਖ ਰੁਪਏ ਦੀਆਂ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ ਹਨ ਜਿਸ ਨਾਲ ਇਹ ਪੰਚਾਇਤਾਂ ਗੰਦੇ ਪਾਣੀ ਦੀ ਨਿਕਾਸੀ, ਪਬਲਿਕ ਸ਼ੈਡ, ਨਵੇਂ ਛੱਪੜ, ਸਟੇਡੀਅਮ, ਪਾਰਕ, ਗਲੀਆਂ, ਵਾਲੀਬਾਲ ਮੈਦਾਨ, ਸ਼ਮਸ਼ਾਨਘਾਟ ਆਦਿ ਲਈ ਪਹਿਲਾਂ ਤੋਂ ਨਿਰਧਾਰਿਤ ਕੰਮ ਕਰਵਾ ਸਕਣਗੀਆਂ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਿੰਡਾਂ ਦੀ ਨੁਹਾਰ ਨੂੰ ਸੰਵਾਰਨਾ, ਲੋੜ ਮੁਤਾਬਕ ਵਿਦਿਅਕ ਤੇ ਸਿਹਤ ਸਬੰਧੀ ਸੁਵਿਧਾਵਾਂ ਦੇ ਨਾਲ ਨਾਲ ਹਰੇਕ ਜ਼ਰੂਰਤ ਦੀ ਪੂਰਤੀ ਲਈ ਉਹ ਲਗਾਤਾਰ ਹਲਕੇ ਵਿੱਚ ਸਰਗਰਮ ਹਨ ਅਤੇ ਪੜਾਅਵਾਰ ਹਰ ਵਾਅਦੇ ਨੂੰ ਨਿਭਾਇਆ ਜਾ ਰਿਹਾ ਹੈ।
ਸਮਾਗਮ ਮੌਕੇ ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਬੀ.ਡੀ.ਪੀ.ਓ ਮਨਜੀਤ ਸਿੰਘ, ਬਲਾਕ ਸੰਮਤੀ ਚੇਅਰਮੈਨ ਦਰਸ਼ਨ ਕਾਲਾਝਾੜ, ਗੁਰਪ੍ਰੀਤ ਨਦਾਮਪੁਰ, ਵਿਕਰਮ ਨਕਟੇ, ਰਾਜਿੰਦਰ ਬਬਲਾ, ਪ੍ਰਧਾਨ ਪ੍ਰਗਟ ਸਿੰਘ ਵੀ ਮੌਜੂਦ ਸਨ।