ਨਵੀਂ ਦਿੱਲੀ, 3 ਜੂਨ
ਦਿੱਲੀ ਹਾਈ ਕੋਰਟ ਨੇ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਮੋਹਨ ਸਿੰਘ ਤੇ ਤਿੰਨ ਹੋਰਾਂ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ਦੇ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਇਕ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਕੇਸ ਦਿੱਲੀ ਪੁਲੀਸ ਵੱਲੋਂ ਦਰਜ ਕੀਤਾ ਗਿਆ ਸੀ। ਮਲਵਿੰਦਰ ਤੋਂ ਇਲਾਵਾ ਅਦਾਲਤ ਨੇ ਰੈਲੀਗੇਅਰ ਐਂਟਰਪ੍ਰਾਇਜ਼ਿਜ਼ ਲਿਮਟਿਡ ਦੇ ਸਾਬਕਾ ਸੀਐਮਡੀ ਸੁਨੀਲ ਗੋਧਵਾਨੀ, ਆਰਈਐਲ ਦੇ ਸਾਬਕਾ ਸੀਈਓ ਕਵੀ ਅਰੋੜਾ ਤੇ ਰਜਿੰਦਰ ਅਗਰਵਾਲ ਨਾਂ ਦੇ ਵਿਅਕਤੀ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਅਗਰਵਾਲ ਉਨ੍ਹਾਂ ਕੁਝ ਕੰਪਨੀਆਂ ਦੇ ਡਾਇਰੈਕਟਰ-ਸ਼ੇਅਰਧਾਰਕ ਸਨ ਜਿਨ੍ਹਾਂ ਨੂੰ ਆਰਐਫਐਲ ਨੇ ਆਪਣੀ ਮੁੱਖ ਇਕਾਈ ਆਰਈਐਲ ਰਾਹੀਂ ਕਰਜ਼ੇ ਦਿੱਤੇ ਸਨ। ਦੱਸਣਯੋਗ ਹੈ ਕਿ ਇਹ ਕਰਜ਼ੇ ਮੋੜੇ ਨਹੀਂ ਗਏ। ਦਿੱਲੀ ਪੁਲੀਸ ਦੇ ਆਰਥਿਕ ਅਪਰਾਧਾਂ ਬਾਰੇ ਵਿੰਗ ਨੇ ਇਸ ਮਾਮਲੇ ਵਿਚ ਆਰਐਫਐਲ ਦੇ ਮਨਪ੍ਰੀਤ ਸੂਰੀ ਦੀ ਸ਼ਿਕਾਇਤ ਉਤੇ ਐਫਆਈਆਰ ਕੀਤੀ ਸੀ।-ਪੀਟੀਆਈ