ਸਾਲਾਹ/ਚੰਡੀਗੜ੍ਹ, 3ਜੂਨ
ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿੱਚ ਵੀਰਵਾਰ ਰਾਤ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਜਿੱਤਿਆ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਹਾਕੀ ਏਸ਼ੀਆ ਕੱਪ ਜੇਤੂ ਟੀਮ ਨੂੰ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾਲੰਪੁਰ (ਮਲੇਸ਼ੀਆ) ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਭਾਰਤੀ ਟੀਮ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ। ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿੱਚ ਵੀਰਵਾਰ ਰਾਤ ਖੇਡੇ ਗਏ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ 2-1 ਗੋਲ ਅੰਤਰ ਨਾਲ ਹਰਾ ਕੇ ਚੌਥੀ ਵਾਰ ਜੂਨੀਅਰ ਏਸ਼ੀਆ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਭਾਰਤ ਵੱਲੋਂ ਅੰਗਦਬੀਰ ਸਿੰਘ ਨੇ 12ਵੇਂ ਮਿੰਟ ਵਿੱਚ ਅਤੇ ਅਰਿਜੀਤ ਸਿੰਘ ਹੁੰਦਲ ਨੇ 37ਵੇਂ ਮਿੰਟ ’ਚ ਗੋਲ ਦਾਗੇ। ਪਾਕਿਸਤਾਨ ਵੱਲੋਂ ਇਕਲੌਤਾ ਗੋਲ 37ਵੇਂ ਮਿੰਟ ਵਿੱਚ ਬਸ਼ਰਤ ਅਲੀ ਨੇ ਕੀਤਾ। ਭਾਰਤ ਨੇ ਪਹਿਲਾਂ 2004, 2005 ਅਤੇ 2015 ਵਿੱਚ ਇਹ ਖ਼ਿਤਾਬ ਜਿੱਤਿਆ ਸੀ।