ਅੰਮ੍ਰਿਤਸਰ, 2 ਜੂਨ
ਹਵਾਰਾ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸਾਕਾ ਨੀਲਾ ਤਾਰਾ ਦੌਰਾਨ ਪਹਿਲੀ ਜੂਨ 1984 ਨੂੰ ਨੀਮ ਫ਼ੌਜੀ ਬਲਾਂ ਵੱਲੋਂ ਕੀਤੀ ਗੋਲੀਬਾਰੀ ’ਚ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਨਮਿਤ ਅਖੰਡ ਪਾਠ ਦੇ ਭੋਗ ਪਾ ਕੇ ਸ਼ਹੀਦੀ ਸਮਾਗਮ ਕਰਵਾਇਆ।
ਹਵਾਰਾ ਕਮੇਟੀ, ਅਖੰਡ ਕੀਰਤਨੀ ਜਥਾ ਅਤੇ ਭਾਈ ਮਹਿੰਗਾ ਸਿੰਘ ਦੇ ਪਰਿਵਾਰ ਵੱਲੋਂ ਕਰਵਾਏ ਗਏ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਹਵਾਰਾ ਕਮੇਟੀ ਨੇ ਭਾਈ ਮਹਿੰਗਾ ਸਿੰਘ ਨੂੰ ਸਾਕਾ ਨੀਲਾ ਤਾਰਾ ਫੌਜੀ ਹਮਲੇ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਹੈ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਖਡ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਭਾਈ ਮਹਿੰਗਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਮਾਗਮ ਦੌਰਾਨ ਹਾਕਮ ਸਿੰਘ ਵੱਲੋਂ ਲਿਖੀ ਕਿਤਾਬ ‘‘ਧਰੂ ਤਾਰਾ ਸ਼ਹੀਦ ਮਹਿੰਗਾ ਸਿੰਘ ਬੱਬਰ’’ ਸੰਗਤ ਅਰਪਣ ਕੀਤੀ ਗਈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਭਾਈ ਮਹਿੰਗਾ ਸਿੰਘ ਦੇ ਭਰਾ ਭਾਈ ਦਵਿੰਦਰ ਸਿੰਘ, ਭਾਈ ਬੇਅੰਤ ਸਿੰਘ, ਭਾਈ ਹਰਦੀਪ ਸਿੰਘ, ਭਾਈ ਮੱਖਣ ਸਿੰਘ, ਭਾਈ ਕੁਲਦੀਪ ਸਿੰਘ ਨਾਗੋਕੇ, ਭਾਈ ਸਰਬਜੀਤ ਸਿੰਘ ਸ਼ਾਮਲ ਹਨ। ਮਗਰੋਂ ਸਮੂਹ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ੍ਰੀ ਅਕਾਲ ਸਾਹਿਬ ਵਿਖੇ ਨਤਮਸਤਕ ਹੋ ਕੇ ਸਮੂਹ ਸ਼ਹੀਦਾਂ ਨਮਿਤ ਅਰਦਾਸ ਕੀਤੀ।
ਅੰਮ੍ਰਿਤਸਰ (ਟਨਸ):ਸਿੱਖ ਜਥੇਬੰਦੀ ਦਲ ਖਾਲਸਾ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ’ਤੇ ਹੋਏ ਫੌਜੀ ਹਮਲੇ ਦੀ 39ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਸ਼ਾਮ 5 ਵਜੇ ‘ਘੱਲੂਘਾਰਾ ਯਾਦਗਾਰੀ ਮਾਰਚ’ ਬੁਰਜ ਅਕਾਲੀ ਫੂਲਾ ਸਿੰਘ ਤੋਂ ਦਰਬਾਰ ਸਾਹਿਬ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਜੂਨ ਨੂੰ ਬੰਦ ਨੂੰ ਕਾਮਯਾਬ ਕਰਨ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ। ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੰਦ ਦੇ ਸੱਦੇ ਦਾ ਮਕਸਦ ਸੈਂਕੜੇ ਬੇਕਸੂਰ ਸ਼ਰਧਾਲੂਆਂ ਦੇ ਕਤਲ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਅਨਮੋਲ ਖਜ਼ਾਨਾ ਤੇ ਪਵਿੱਤਰ ਗ੍ਰੰਥਾਂ, ਹੱਥ-ਲਿਖਤਾਂ ਦੀ ਲੁੱਟ ਖ਼ਿਲਾਫ਼ ਰੋਸ ਪ੍ਰਗਟਾਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੱਦਾ ਸਿਰਫ਼ ਹਰ ਤਰ੍ਹਾਂ ਦੇ ਵਪਾਰਕ ਤੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬੰਦ ਦੌਰਾਨ ਮੈਡੀਕਲ ਸੇਵਾਵਾਂ ਅਤੇ ਆਵਾਜਾਈ ਖੁੱਲ੍ਹੀ ਰਹੇਗੀ।