ਮਹਿਲਕਲਾਂ, 3 ਜੂਨ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਪਿੰਡ-ਪਿੰਡ ਛਿਮਾਹੀ ਫੰਡ ਇਕੱਠਾ ਕਰਨ ਅਤੇ ਨਵੀਂ ਮੈਂਬਰਸ਼ਿਪ ਕੱਟਣ ਦੀ ਮੁਹਿੰਮ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਜਾਰੀ ਹੈ। ਇਸ ਫੰਡ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਗੁਰਦੇਵ ਸਿੰਘ ਮਾਂਗੇਵਾਲ ਅਤੇ ਬਲਾਕ ਜਨਰਲ ਸਕੱਤਰ ਅਮਨਦੀਪ ਸਿੰਘ (ਅਮਨਾ) ਰਾਏਸਰ ਨੇ ਦੱਸਿਆ ਕਿ ਹਫ਼ਤੇ ਤੋਂ ਚੱਲ ਰਹੀ ਪਿੰਡਾਂ ਵਿੱਚੋਂ ਫੰਡ ਮੁਹਿੰਮ ਨੂੰ ਲਾਮਿਸਾਲ ਹੁੰਗਾਰਾ ਮਿਲ ਰਿਹਾ ਹੈ। ਆਗੂ ਟੀਮਾਂ ਪਿੰਡਾਂ ਵਿੱਚ ਟੀਮਾਂ ਬਣਾ ਕੇ ਫੰਡ ਇਕੱਠਾ ਕਰ ਰਹੀਆਂ ਹਨ। ਇਤਿਹਾਸਕ ਜੇਤੂ ਕਿਸਾਨ ਘੋਲ ਵਿੱਚ ਪਿੰਡਾਂ ਵੱਲੋਂ ਪਾਏ ਯੋਗਦਾਨ, ਕਿਸਾਨ ਅੰਦੋਲਨ ਦੀਆਂ ਠੋਸ ਪਰਾਪਤੀਆਂ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। ਜਥੇਬੰਦਕ ਤਾਣੇ ਨੂੰ ਮਜ਼ਬੂਤ ਕਰਨ ਲਈ ਕਿਸਾਨ ਪਰਿਵਾਰਾਂ ਦੇ ਨੌਜਵਾਨਾਂ ਨੂੰ ਜਥੇਬੰਦੀਆਂ ਵਿੱਚ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਇਤਿਹਾਸਕ ਕਿਸਾਨ ਅੰਦੋਲਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਕਿਸਾਨ ਔਰਤਾਂ ਕਾਰਕੁਨਾਂ ਹੁਣ ਚੇਤੰਨ ਹੋਕੇ ਪਹਿਲਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ।
ਕਿਸਾਨ ਆਗੂਆਂ ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਜਗਰੂਪ ਸਿੰਘ ਗਹਿਲ, ਅਮਰਜੀਤ ਸਿੰਘ ਠੁੱਲੀਵਾਲ ਅਤੇ ਜੱਗਾ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਭਲੇ ਹੀ ਇਸ ਵਾਰ ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦਾ ਝਾੜ ਘਟਣ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਸੱਟ ਵੱਜੀ ਹੈ, ਪਰ ਕਿਸਾਨ ਸੰਘਰਸ਼ ਲਈ ਫੰਡ ਦੇਣ ਪੱਖੋਂ ਕਿਸਾਨ ਕੋਈ ਘਾਟ ਨਹੀਂ ਆਉਣ ਦੇ ਰਹੇ। ਕਿਉਂਕਿ ਕਿਸਾਨ ਜਾਗਰੂਕ ਹੋ ਚੁੱਕੇ ਹਨ ਕਿ ਭਵਿੱਖ ਦੀਆਂ ਚੁਣੌਤੀਆਂ ਕਿਤੇ ਵਡੇਰੀਆਂ ਹਨ। ਖੇਤੀ ਸੰਕਟ ਹੋਰ ਵਧੇਰੇ ਡੂੰਘਾ ਹੋ ਰਿਹਾ ਹੈ। ਕਣਕ, ਝੋਨੇ ਦੇ ਫ਼ਸਲੀ ਚੱਕਰ ਨੇ ਪਾਣੀ ਨੂੰ ਖ਼ਤਰਨਾਕ ਪੱਧਰ ਤੇ ਪਹੁੰਚਾ ਦਿੱਤਾ ਹੈ। ਸਰਕਾਰ ਭਾਵੇਂ ਬੀਜੇਪੀ ਦੀ ਹੋਵੇ ਜਾਂ ਆਪ ਦੀ ਹੋਵੇ, ਕਿਸੇ ਵੀ ਸਰਕਾਰ ਕੋਲ ਸਾਮਰਾਜੀ ਖੇਤੀ ਮਾਡਲ ਦੀ ਥਾਂ ਬਦਲਵਾਂ ਲੋਕ ਪੱਖੀ ਖੇਤੀ ਮਾਡਲ ਨਹੀਂ।
ਅੱਜ ਹਰਦਾਸਪੁਰਾ ਵਿੱਚ ਚੱਲ ਰਹੀ ਇਸ ਫੰਡ ਮੁਹਿੰਮ ਵਿੱਚ ਮੁਕੰਦ ਸਿੰਘ ਹਰਦਾਸਪੁਰਾ, ਹਰਪਾਲ ਸਿੰਘ ਪਾਲਾ ,ਜਗਤਾਰ ਸਿੰਘ, ਪ੍ਰਭਦੀਪ ਸਿੰਘ ਹਰਦਾਸਪੁਰਾ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਅਜਮੇਰ ਸਿੰਘ ਕਾਲਸਾਂ ਨੇ ਅਹਿਮ ਭੂਮਿਕਾ ਨਿਭਾਈ। ਫੰਡ ਮੁਹਿੰਮ ਦੇ ਨਾਲ-ਨਾਲ 14 ਫਰਬਰੀ ਨੂੰ ਬਠਿੰਡਾ ਵਿਖੇ ਜਥੇਬੰਦੀ ਦੀ ਸੂਬਾਈ ਜਨਰਲ ਕੌਂਸਲ ਦੇ ਫੈਸਲੇ ਅਨੁਸਾਰ ਨਵੀਂ ਮੈਂਬਰਸ਼ਿਪ ਵੀ ਕੱਟੀ ਜਾ ਰਹੀ ਹੈ। ਆਗੂਆਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਵੀ ਇਹ ਮੁਹਿੰਮ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਰਹੇਗੀ। ਆਗੂਆਂ ਨੇ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਦੇ ਅਗਲੇ ਪੜਾਅ ਵਜੋਂ 5 ਜੂਨ ਨੂੰ ਪਿੰਡ-ਪਿੰਡ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਅਰਥੀ ਸਾੜ੍ਹ ਮੁਜ਼ਾਹਰੇ ਕਰਨ ਦੇ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।