ਸੰਗਰੂਰ, 31 ਮਈ, 2023
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਸਵੀਂ ਦੇ ਨਤੀਜਿਆਂ ਵਿੱਚ ਮੈਰਿਟ ‘ਤੇ ਆਈਆਂ ਵਿਦਿਆਰਥਣਾਂ ਦੀ ਕੀਤੀ ਹੌਂਸਲਾ ਅਫਜ਼ਾਈ
ਦੁਪਹਿਰ ਦੇ ਭੋਜਨ ‘ਤੇ ਘਰ ਬੁਲਾਇਆ, ਸ਼ਾਬਾਸ਼ੀ ਦਿੰਦਿਆਂ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਉਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਆਪਣੀ ਰਿਹਾਇਸ਼ ਵਿਖੇ ਦੁਪਹਿਰ ਦੇ ਖਾਣੇ ਤੇ ਬੁਲਾਇਆ, ਜਿਨ੍ਹਾਂ ਵਿਦਿਆਰਥਣਾਂ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਵਿੱਚੋਂ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ। ਵਿਦਿਆਰਥਣਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡੀਆਂ ਬੱਚੀਆਂ ਬਹੁਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰ ਰਹੀਆਂ ਹਨ ਅਤੇ ਇਨ੍ਹਾਂ ਵਿਚ ਨਿਰੰਤਰ ਉਤਸ਼ਾਹ ਨੂੰ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ।
ਵਿਧਾਇਕ ਨੇ ਕਿਹਾ ਕਿ ਵਿਦਿਆਰਥਣਾਂ ਨੇ ਆਪਣੇ ਕੀਮਤੀ ਸਮੇਂ ਦੀ ਵਰਤੋਂ ਇਸ ਵਿਲੱਖਣ ਪ੍ਰਾਪਤੀ ਲਈ ਕੀਤੀ ਹੈ ਜਿਸ ਲਈ ਇਹ ਵਧਾਈ ਦੀਆਂ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅਰਸ਼ਦੀਪ ਕੌਰ ਘਰਾਚੋਂ, ਜਸਮੀਤ ਕੌਰ ਭਵਾਨੀਗੜ੍ਹ,
ਯਾਦਪ੍ਰੀਤ ਕੌਰ ਬਾਸੀਅਰਖ, ਅਮਾਨਤ ਕੌਰ ਸਕਰੌਦੀ, ਅਨਮੋਲਪ੍ਰੀਤ ਕੌਰ ਦੀ ਮਿਹਨਤ ਤੋਂ ਹੋਰਨਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥਣਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।
ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਅਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਮਾਣਯੋਗ ਪ੍ਰਾਪਤੀ ਦਰਜ ਕਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਦੇ ਬਿਹਤਰ ਭਵਿੱਖ ਲਈ ਉਹ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਣਹਾਰ ਬੱਚੀਆਂ ਹੋਰ ਵੀ ਬਹੁਤ ਸਾਰੀਆਂ ਮੱਲਾਂ ਮਾਰਨਗੀਆਂ। ਵਿਧਾਇਕ ਨੇ ਪਿਆਰ ਵਜੋਂ ਵਿਦਿਆਰਥਣਾਂ ਨੂੰ ਤਸਵੀਰਾਂ ਵੀ ਭੇਟ ਕੀਤੀਆਂ।