ਟੱਲੇਵਾਲ, 29, ਮਈ
ਪਿੰਡ ਚੀਮਾ ਵਿੱਚ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੈ। ਇਸ ਕਾਰਨ ਪਿੰਡ ਦੇ ਗ਼ਰੀਬ ਲੋਕ ਪ੍ਰੇਸ਼ਾਨ ਹਨ। ਪੰਜ ਦਿਨਾਂ ਤੋਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਕੁੰਭਕਰਨੀ ਨੀਂਦ ਸੁੱਤੇ ਹਨ। ਪਿੰਡ ਵਾਸੀਆਂ ਵਲੋਂ ਇਸ ਸਮੱਸਿਆ ਤੋਂ ਜਾਣੂ ਕਰਵਾਏ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਅੱੱਜ ਪ੍ਰਭਾਵਿਤ ਲੋਕਾਂ ਵੱਲੋਂ ਵਿਭਾਗ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਵੀ ਜ਼ਾਹਰ ਕੀਤਾ ਗਿਆ।
ਇਸ ਮੌਕੇ ਸੱਤਪਾਲ ਸਿੰਘ, ਗੋਰਾ ਸਿੰਘ, ਪ੍ਰਭਦੀਪ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਕੌਰ, ਅਤੇ ਮਨਦੀਪ ਕੌਰ ਨੇ ਕਿਹਾ ਕਿ ਪੰਜ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਉਹ ਪ੍ਰੇਸ਼ਾਨ ਹਨ। ਘਰਾਂ ਵਿੱਚ ਪਸ਼ੂਆਂ ਤੇ ਖ਼ੁਦ ਨੂੰ ਨਹਾਉਣ, ਕੱਪੜੇ ਵਗੈਰਾ ਧੋਣ ਤਾਂ ਦੂਰ ਦੀ ਗੱਲ ਪੀਣ ਲਈ ਪਾਣੀ ਦੀ ਬੂੰਦ ਤਕ ਨਹੀਂ ਹੈ। ਉਹ ਗੁਆਂਢੀ ਸਮਰਸੀਬਲ ਵਾਲੇ ਘਰਾਂ ਤੋਂ ਪਾਣੀ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਬਾਰੇ ਕਈ ਵਾਰੀ ਦੱਸ ਚੁੱਕੇ ਹਨ, ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ।