ਜਲੰਧਰ, 29 ਮਈ
ਰੋਪੜ ਤੋਂ ਸਤਲੁਜ ਵਿੱਚੋਂ ਨਿਕਲਦੀ ਬਿਸਤ-ਦੁਆਬ ਨਹਿਰ ਦੀ ਨਹਿਰੀ ਵਿਭਾਗ ਵੱਲੋਂ ਐਤਕੀਂ ਸਫ਼ਾਈ ਨਾ ਕੀਤੇ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਨਹਿਰ ਵਿਚ ਪਿਆ ਕੂੜਾ ਕਰਕਟ ਸਾਫ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੂੰ ਝੋਰਾ ਖਾ ਰਿਹਾ ਹੈ ਕਿ ਝੋਨੇ ਦੇ ਲਗਾਉਣ ਦੇ ਦਿਨ ਨੇੜ੍ਹੇ ਆ ਰਹੇ ਹਨ ਅਤੇ ਜੇਕਰ ਵਿਭਾਗ ਵੱਲੋਂ ਨਹਿਰ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਨਹਿਰ ਪੱਕੀ ਹੋਣ ਕਾਰਨ ਇਸ ਦੇ ਮੋਘਿਆਂ ਵਿਚ ਕੂੜਾ ਫਸ ਜਾਵੇਗਾ ਤੇ ਖੇਤਾਂ ਨੂੰ ਪਾਣੀ ਠੀਕ ਢੰਗ ਨਾਲ ਨਹੀਂ ਲਗਾਇਆ ਜਾ ਸਕੇਗਾ। ਕਿਸਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ ਮਈ ਮਹੀਨੇ ਨਹਿਰ ਦੀ ਸਫ਼ਾਈ ਕਰਵਾ ਦਿੱਤੀ ਜਾਂਦੀ ਸੀ ਪਰ ਇਸ ਸਾਲ ਸਫਾਈ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ। ਹਰਜੋਤ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਨਹਿਰ ਜਿਸ ਵਿਚੋਂ ਕਈ ਬ੍ਰਾਂਚ ਨਹਿਰਾਂ (ਸੂਏ) ਵੀ ਨਿਕਲਦੇ ਹਨ। ਜਲੰਧਰ ਜ਼ਿਲ੍ਹੇ ਦੇ ਕਾਲਰਾ, ਡਰੋਲੀ, ਪਧਿਆਣਾ, ਗੋਰਾਇਆ, ਮੁਠਡਾ ਪਿੰਡਾਂ ਤੋਂ ਸ਼ੁਰੂ ਹੋ ਕੇ ਮਲਸੀਆਂ ਤੱਕ ਦੇ ਪਿੰਡਾਂ ਦੇ ਖੇਤਾਂ ਨੂੰ ਪਾਣੀ ਦੇ ਰਹੀ ਹੈ।
ਐਕਸੀਅਨ ਸਿੰਚਾਈ ਵਿਭਾਗ ਦਵਿੰਦਰ ਸਿੰਘ ਨੇ ਦੱਸਿਆ ਕਿ ਸਫ਼ਾਈ ਕਾਰਜ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਨਿਰੰਤਰ ਰਫ਼ਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਦਾ ਕੰਮ ਰੋਪੜ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਛੇਤੀ ਹੀ ਹੁਸ਼ਿਆਰਪੁਰ, ਜਲੰਧਰ ਤੱਕ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਫ਼ਾਈ ਪ੍ਰਕਿਰਿਆ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਕੇੇ ਸ਼ਹਿਰੀ ਇਲਾਕਿਆਂ ਵਿੱਚ ਜਿੱਥੇ ਨਹਿਰ ਵਿਚ ਮਲਬਾ ਪਿਆ ਹੈ, ਉਥੇ ਮਲਬੇ ਨੂੰ ਹਟਾਉਣ ਲਈ ਟਰੈਕਟਰ-ਟਰਾਲੀਆਂ ਅਤੇ ਇੱਥੋਂ ਤੱਕ ਕਿ ਜੇਸੀਬੀ ਦੀ ਵੀ ਮੰਗ ਕੀਤੀ ਗਈ ਹੈ। ਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪੂਰੇ ਪਾਣੀ ਦੀ ਸਪਲਾਈ ਜਾਰੀ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਨਹਿਰ ਦੀ ਸਫ਼ਾਈ ਸਬੰਧੀ ਹਾਲੇ ਤੱਕ ਸਿੰਜਾਈ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਨਗਰ ਨਿਗਮ ਕੋਲ ਪਹੁੰਚ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਸ਼ਹਿਰ ਵਿੱਚ ਨਹਿਰ ਦੀ ਸਫ਼ਾਈ ਕਦੋਂ ਸ਼ੁਰੂ ਹੋਵੇਗੀ।