ਜੰਡਿਆਲਾ ਗੁਰੂ, 18,ਮਈ
ਇਥੇ ਜੀਟੀ ਰੋਡ ਉਪਰ ਸਥਿਤ ਦਾਣਾ ਮੰਡੀ ਵਿੱਚ ਡੇਢ ਮਹੀਨੇ ਤੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਮਜ਼ਦੂਰਾਂ ਲਈ ਪ੍ਰੇਸ਼ਾਨੀ ਬਣ ਗਈ ਹੈ। ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਨਵੀਂ ਅਨਾਜ ਮੰਡੀ ਜੰਡਿਆਲਾ ਗੁਰੂ ਦੀ ਮਜ਼ਦੂਰ ਯੂਨੀਅਨ ਨੇ ਇਸ ਕਾਰਨ ਅੱਜ ਮੰਡੀ ਬੋਰਡ ਜੰਡਿਆਲਾ ਗੁਰੂ ਦੇ ਮੰਡੀ ਸਥਿਤ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਅਤੇ ਐੱਫਸੀਆਈ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਮਜ਼ਦੂਰਾਂ ਦੇ ਪ੍ਰਧਾਨ ਨੰਦਨ ਸਿੰਘ ਤੇ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਲਿਫਟਿੰਗ ਕਰਨ ਲਈ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਹੈ ਪਰ ਲਿਫਟਿੰਗ ਕਰਨ ਲਈ ਉਸ ਕੋਲ ਗੱਡੀਆਂ ਨਹੀਂ ਹਨ, ਜਿਸ ਕਾਰਨ ਡੇਢ ਮਹੀਨੇ ਤੋਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।