ਪੇਸ਼ਾਵਰ (ਭਾਸ਼ਆ)- ਕਰਾਚੀ ਦੇ ਪੁਲਿਸ ਮੁਖੀ ਦੇ ਦਫ਼ਤਰ ‘ਤੇ ਭਾਰੀ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ। ਹਮਲੇ ‘ਚ ਸ਼ਾਮਲ ਅੱਤਵਾਦੀ ਉੱਤਰ-ਪੱਛਮੀ ਪਾਕਿਸਤਾਨ ਦੇ ਦੋ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ।
ਇਹ ਜਾਣਕਾਰੀ ਪੁਲਸ ਨੇ ਐਤਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 7.10 ਵਜੇ ਕਰਾਚੀ ‘ਚ ਪੁਲਸ ਮੁਖੀ ਦੇ ਪੰਜ ਮੰਜ਼ਿਲਾ ਦਫ਼ਤਰ ‘ਤੇ ਹਮਲਾ ਕੀਤਾ ਸੀ। ਪਾਬੰਦੀਸ਼ੁਦਾ ਟੀ. ਟੀ. ਪੀ. ਦੇ ਬੁਲਾਰੇ ਮੁਹੰਮਦ ਖੁਰਸਾਨੀ ਨੇ ਇਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਘੰਟਿਆਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਟੀ. ਟੀ. ਪੀ. ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਤਿੰਨ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ ਹੋਰ ਲੋਕ ਮਾਰੇ ਗਏ ਸਨ। ਪੁਲਸ ਮੁਤਾਬਕ ਅੱਤਵਾਦੀ ਜਾਲਾ ਨੂਰ ਅਤੇ ਕਿਫਾਇਤੁੱਲਾ ਦੀ ਪਛਾਣ ਉੱਤਰੀ ਵਜ਼ੀਰਿਸਤਾਨ ਦੇ ਲੱਕੀ ਮਰਵਾਤ ਜ਼ਿਲ੍ਹੇ ਦੇ ਵਸਨੀਕ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋਵੇਂ ਅੱਤਵਾਦੀਆਂ ਨੇ ਹਮਲੇ ਤੋਂ ਕਰੀਬ ਇਕ ਮਹੀਨਾ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ ਅਤੇ ਉਹ ਵਧੀਕ ਇੰਸਪੈਕਟਰ ਜਨਰਲ ਆਫ਼ ਪੁਲਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਪੁਲਸ ਨੇ ਲੱਕੀ ਮਰਵਾਤ ਦੇ ਪਿੰਡ ਵਾਂਦਾ ਅਮੀਰ ‘ਚ ਕਥਿਤ ਅੱਤਵਾਦੀ ਕਿਫਾਇਤੁੱਲਾ ਦੇ ਘਰ ‘ਤੇ ਛਾਪਾ ਮਾਰਿਆ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਕਿਫਾਇਤੁੱਲਾ (20) ਕਰੀਬ ਪੰਜ ਮਹੀਨੇ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ ਅਤੇ ਪਰਿਵਾਰ ਨੂੰ ਉਸ ਬਾਰੇ ਕੋਈ ਪਤਾ ਨਹੀਂ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਾਚੀ ਧਮਾਕਿਆਂ ਤੋਂ ਬਾਅਦ ਕਿਫਾਇਤੁੱਲਾ ਦੀ ਪਾਕਿਸਤਾਨ ਵਿਚ ਮੌਜੂਦਗੀ ਦਾ ਪਤਾ ਲੱਗਾ ਜਦੋਂਕਿ ਉਹ ਉਸ ਦੇ ਅਫ਼ਗਾਨਿਸਤਾਨ ਵਿਚ ਹੋਣ ਦੀ ਉਮੀਦ ਕਰ ਰਹੇ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਕਿਫਾਇਤੁੱਲਾ ਨੂੰ ਅੱਤਵਾਦ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਰੋਜ਼ਾਨਾ ਤੌਰ ‘ਤੇ ਅਫ਼ਗਾਨਿਸਤਾਨ ਆਉਂਦਾ ਰਹਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਕਿਫਾਇਤ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਤਰਫੋਂ ਲੜਿਆ ਸੀ ਅਤੇ ਟੀ. ਟੀ. ਪੀ. ਦੇ ਟੀਪੂ ਧੜੇ ਨਾਲ ਜੁੜਿਆ ਹੋਇਆ ਸੀ।