ਡਿਪਟੀ ਕਮਿਸ਼ਨਰ ਮੋਗਾ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੇ ਗਠਨ ਦੀ ਵਰ੍ਹੇਗੰਢ ਸਬੰਧੀ ਪੂਰੇ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ 1 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਵੱਖ-ਵੱਖ ਸਾਹਿਤਕ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਪ੍ਰੋਗਰਾਮ ਦੇ ਤਹਿਤ ਡੀ. ਐਮ. ਕਾਲਜ ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ.ਬਲਦੇਵ ਸਿੰਘ ਸੜਕਨਾਮਾ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ‘ਪੰਜਾਬੀ ਮਾਹ’ 2022 ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਸੁਖਾਨੰਦ ਨੇ ਦੱਸਿਆ ਕਿ ਇਸ ਦਾ ਰਾਜ ਪੱਧਰੀ ਅਗਾਜ਼ 1 ਨਵੰਬਰ ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਹੋਇਆ ਜੋ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਜਿਲ੍ਹਾ ਮੋਗਾ ਵਿੱਚ ਵੀ ਇਸ ਮਹੀਨੇ ਪੰਜਾਬੀ ਭਾਸ਼ਾ ਚੇਤਨਾ ਰੈਲੀ, ਵਿਦਿਆਰਥੀਆਂ ਦੇ ਸੂਖਮ ਕਲਾਂ ਮੁਕਾਬਲੇ, ਜ਼ਲਿ੍ਹਾ ਪੱਧਰੀ ਸੱਭਿਆਚਾਰਕ ਸਮਾਗਮ, ਪੁਸਤਕ ਪ੍ਰਦਰਸ਼ਨੀਆਂ ਅਤੇ ਹੋਰ ਸਾਹਿਤਕ ਗਤੀਵਿਧੀਆਂ ਭਾਸ਼ਾ ਵਿਭਾਗ ਮੋਗਾ ਵੱਲੋਂ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ‘ਪੰਜਾਬੀ ਮਾਹ’ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਸਤਿਕਾਰ ਲਈ ਵੱਧ ਤੋਂ ਵੱਧ ਗਤੀਵਿਧੀਆਂ ਕੀਤੀਆਂ ਜਾਣਗੀਆਂ ਤੇ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਅਤੇ ਸਾਹਿਤ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਿਲ੍ਹੇ ਦੇ ਸਾਰੇ ਸਕੂਲ/ਕਾਲਜ/ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਪੰਜਾਬੀ ਭਾਸ਼ਾ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਇਸ ਮੁਹਿੰਮ ਵਿੱਚ ਆਪਣੀ ਭਾਗੀਦਾਰੀ ਦਰਜ ਕਰਵਾਉਣਗੀਆਂ। ਅੰਤ ਵਿੱਚ ਵਿਧਾਇਕ ਸੁਖਾਨੰਦ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਕਿਹਾ ਪੰਜਾਬੀ ਸੱਭਿਆਚਾਰ, ਸਾਹਿਤ, ਬੋਲੀ ਅਤੇ ਪੰਜਾਬੀ ਕਿਰਦਾਰ ਦੀ ਪ੍ਰਫੁੱਲਤਾ ਲਈ ਬੁੱਧੀਜੀਵੀ ਵਰਗ, ਲੇਖਕਾਂ ਅਤੇ ਮੀਡੀਆ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਭ ਦਾ ਸਾਂਝਾ ਹੈ, ਇਸ ਲਈ ਸਾਂਝੇ ਯਤਨ ਹੀ ਸਫਲ ਹੋਣਗੇ। ਉਨ੍ਹਾਂ ਕਿਹਾ ਕਿ ‘ਪੰਜਾਬੀ ਮਾਹ’ ਨੂੰ ਰਸਮੀ ਤੌਰ ’ਤੇ ਨਹੀਂ ਬਲਕਿ 1967 ’ਚ ਬਣੇ ਪੰਜਾਬੀ ਭਾਸ਼ਾ ਐਕਟ ਵਾਲੀ ਭਾਵਨਾ ਨਾਲ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਮਾਨਯੋਗ ਕੈਬਨਿਟ ਮੰਤਰੀ ਮੀਤ ਹੇਅਰ ਜੀ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਦੁਆਰਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮੇਂ ਡਾ. ਰਾਕੇਸ਼,ਅਮਨ ਰਖਰਾ, ਕੌਂਸਲਰ ਵਿਕਰਮਜੀਤ ਘਾਤੀ, ਕੌਂਸਲਰ ਸਰਬਜੀਤ ਕੌਰ ਰੋਡੇ, ਕੌਂਸਲਰ ਕਿਰਨ ਹੁੰਦਲ, ਕੌਂਸਲਰ ਬਲਜੀਤ ਸਿੰਘ ਚਾਨੀ, ਜਗਸੀਰ ਹੁੰਦਲ, ਹਰਜਿੰਦਰ ਰੋਡੇ, ਨਵਦੀਪ ਵਾਲੀਆ, ਅਮੀਤ ਪੁਰੀ ਅਤੇ ਹੋਰ ਆਪ ਆਗੂ ਮਜ਼ੂਦ ਸਨ।