ਇਸ਼ਤਿਆਕ ਅਹਿਮਦ ਦੀ “ਵੰਡ ਤੋਂ ਪਹਿਲਾਂ ਭਾਰਤੀ ਸਿਨੇਮਾ ’ਚ ਪੰਜਾਬ ਦਾ ਯੋਗਦਾਨ” ਪੁਸਤਕ ਸਿਨੇਮਾ ਹਸਤੀ ਸ਼੍ਰੀ ਸੁਭਾਸ਼ ਘਈ ਵੱਲੋਂ ਰਿਲੀਜ਼।
ਗਲੋਬਲ ਪੰਜਾਬੀ ਐਸੋਸੀਏਸ਼ਨ ਪੰਜਾਬੀ ਅਦੀਬਾਂ ਅਤੇ ਕਲਾਕਾਰਾਂ ਨੂੰ ਕੌਮਾਂਤਰੀ ਮੰਚ ਪ੍ਰਦਾਨ ਕਰੇਗੀ: ਇਕਬਾਲ ਸਿੰਘ ਲਾਲਪੁਰਾ।
ਅੰਮ੍ਰਿਤਸਰ 15 ਮਈ ( ਗੁਰਮੀਤ ਸਿੰਘ ਰਾਜਾ )
ਵਿਸ਼ਵ ਪ੍ਰਸਿੱਧ ਸਵੀਡਨ ਲੇਖਕ ਸ਼੍ਰੀ ਇਸ਼ਤਿਆਕ ਅਹਿਮਦ ਵੱਲੋ ਲਿਖੀ ਗਈ “ਵੰਡ ਤੋਂ ਪਹਿਲਾਂ ਭਾਰਤੀ ਸਿਨੇਮਾ ’ਚ ਪੰਜਾਬ ਦਾ ਯੋਗਦਾਨ” ਪੁਸਤਕ ਨੂੰ ਹਿੰਦੀ ਸਿਨੇਮਾ ਦੇ ਪ੍ਰਸਿਧ ਹਸਤੀ ਸ਼੍ਰੀ ਸੁਭਾਸ਼ ਘਈ ਵੱਲੋਂ ਮੁੰਬਈ ਦੇ ਕਰਮਾ ਫਾਊਂਡੇਸ਼ਨ ਹਾਲ ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਫਿਲਮ ਸਿਟੀ ਕੰਪਲੈਕਸ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਿਲੀਜ਼ ਕੀਤੀ ਗਈ ਹੈ।
ਪ੍ਰੋ. ਸਰਚਾਂਦ ਸਿੰਘ ਅਨੁਸਾਰ ਸਮਾਗਮ ਦੇ ਆਯੋਜਨ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਪੱਛਮੀ ਭਾਰਤ ਦੇ ਚੇਅਰਮੈਨ ਸ੍ਰੀ ਰਾਜਨ ਖੰਨਾ ਸਮੇਤ ਮੁੰਬਈ ਦੀਆਂ ਪ੍ਰਮੁੱਖ ਪੰਜਾਬੀ ਸ਼ਖ਼ਸੀਅਤਾਂ ਅਤੇ ਬਾਲੀਵੁੱਡ ਅਤੇ ਸੈਂਕੜੇ ਪੰਜਾਬੀ ਅਤੇ ਸਿਨੇਮਾ ਪ੍ਰੇਮੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਪ੍ਰਭਾਵਸ਼ੀਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਨੇਮਾ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ, ਅਭਿਨੇਤਾ, ਗੀਤਕਾਰ, ਸੰਗੀਤ ਨਿਰਦੇਸ਼ਕ ਅਤੇ ਪਟਕਥਾ ਲੇਖਕ ਸ਼੍ਰੀ ਸੁਭਾਸ਼ ਘਈ, ਜਿਨ੍ਹਾਂ ਨੂੰ ਸਮਾਜਿਕ ਮੁੱਦਿਆਂ ‘ਤੇ ਅਧਾਰਿਤ ਸਰਵੋਤਮ ਫਿਲਮ ’ਇਕਬਾਲ’ ਦੇ ਨਿਰਮਾਣ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲ ਚੁੱਕਿਆ ਹੈ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਅਨੁਭਵ ਅਤੇ ਆਪਣੇ ਪੰਜਾਬੀ ਪਿਛੋਕੜ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਉਸ ਪਰਿਵਾਰ ਨਾਲ ਸਬੰਧਿਤ ਹੈ ਜੋ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੇ ਜਿਹਲਮ ਜ਼ਿਲ੍ਹੇ ਤੋਂ ਪਰਵਾਸ ਕਰਕੇ ਭਾਰਤ ਆਇਆ ਸੀ।
ਕਿਤਾਬ ਦੇ ਲੇਖਕ ਅਤੇ ਰਾਜਨੀਤੀ ਵਿਗਿਆਨੀ ਡਾ: ਇਸ਼ਤਿਆਕ ਅਹਿਮਦ ਨੇ ਪੰਜਾਬ ਦੀ ਖ਼ੂਨੀ ਵੰਡ ਬਾਰੇ “Punjab, bloodied, partitioned and cleansed )’’ ਕਿਤਾਬ ਲਿਖਣ ਤੋਂ ਬਾਅਦ ਆਪਣੇ ਤਜਰਬਿਆਂ ਨੂੰ ਦੂਜਿਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਉਕਤ ਕਿਤਾਬ ਵਿੱਚ ਵੇਰਵੇ ਪੜ੍ਹ ਕੇ ਬਹੁਤ ਸਾਰੇ ਪਰਿਵਾਰ ਮੁੜ ਇਕੱਠੇ ਹੋਏ ਹਨ।
ਉਨ੍ਹਾਂ ਕਿਹਾ ਕਿ ਕਿਤਾਬ “ ਵੰਡ ਤੋਂ ਪਹਿਲਾਂ ਭਾਰਤੀ ਸਿਨੇਮਾ ਵਿੱਚ ਪੰਜਾਬ ਦਾ ਯੋਗਦਾਨ” ਆਕਾਰ ਬੁਕਸ ਵੱਲੋਂ ਪ੍ਰਕਾਸ਼ਿਤ ਹੈ, ਪੰਜਾਬੀ ਭਾਵਨਾ ਨੂੰ ਇਕ ਸੱਚੀ ਸਲਾਮੀ ਹੈ ਜੋ ਉਨ੍ਹਾਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਪ੍ਰਦਾਨ ਕਰਦੀ ਹੈ।
ਇਸ ਮੌਕੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਸ. ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਐਸੋਸੀਏਸ਼ਨ ਦੇ ਪ੍ਰਧਾਨ, ਡਾ: ਕੁਲਵੰਤ ਸਿੰਘ ਧਾਰੀਵਾਲ ਚੇਅਰਮੈਨ ਵਰਲਡ ਕੈਂਸਰ ਕੇਅਰ ਨੇ ਇਕ ਸੰਦੇਸ਼ ਰਾਹੀ ਜਿੱਥੇ ਸਭ ਨੂੰ ਵਧਾਈ ਦਿੱਤੀ ਉੱਥੇ ਹੀ ਕਿਹਾ ਕਿ ਸੰਸਥਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੈ ਅਤੇ ਪੰਜਾਬੀ ਸਾਹਿਤਕਾਰਾਂ, ਕਲਾਕਾਰਾਂ ਅਤੇ ਅਦੀਬਾਂ ਨੂੰ ਆਦਰ ਸਨਮਾਨ ਦੇਣ ਅਤੇ ਉਨ੍ਹਾਂ ਨੂੰ ਆਪਣੀ ਪਛਾਣ ਸਥਾਪਿਤ ਕਰਨ ਲਈ ਕੌਮਾਂਤਰੀ ਮੰਚ ਪ੍ਰਦਾਨ ਕਰਨ ਵਲ ਸੇਧਿਤ ਹੈ। ਉਨ੍ਹਾਂ ਕਿਹਾ ਕਿ ਸੰਸਥਾ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਾਉਣ ਅਤੇ ਅਦੀਬਾਂ ਤੇ ਕਲਾਕਾਰਾਂ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਉਨ੍ਹਾਂ ਤਕ ਪਹੁੰਚਾਉਣ ’ਚ ਭੂਮਿਕਾ ਅਦਾ ਕਰੇਗੀ।
ਇਸ ਮੌਕੇ ਸਮਾਗਮ ਦੇ ਆਯੋਜਕ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਖੇਤਰੀ ਚੇਅਰਮੈਨ ਸ਼੍ਰੀ ਰਾਜਨ ਖੰਨਾ ਨੇ ਪੰਜਾਬੀ ਸਭਿਆਚਾਰ ਦੀ ਮਹਾਨਤਾ ਬਾਰੇ ਗੱਲ ਕੀਤੀ ਅਤੇ ਭਾਰਤੀ ਸਿਨੇਮਾ ’ਚ ਰਵਾਇਤੀ ਤੌਰ ‘ਤੇ ਦਬਦਬਾ ਕਾਇਮ ਰਖਣ ਲਈ ਪੰਜਾਬੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਾਨ ਪੰਜਾਬੀ ਸਭਿਆਚਾਰ ਫਿਰਕੂ ਰੁਕਾਵਟਾਂ ਨੂੰ ਤੋੜ ਸਕਦਾ ਹੈ । ਅਤੇ ਭਾਰਤ-ਪਾਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਕਰ ਸਕਦਾ ਹੈ। ਸਰੋਤਿਆਂ ਨੇ ਉਨ੍ਹਾਂ ਦੇ ਬੋਲ ’’ਨਫਰਤਾਂ ਦੇ ਅਸੀਂ ਕੋਲ ਨਹੀਂ ਬੈਣਾ, ਪਿਆਰ ਦੀ ਅਸੀਂ ਫੁਲਕਾਰੀ ਆ, ਮਜ਼੍ਹਬਾਂ ਦੇ ਅਸੀਂ ਹਾਮੀ ਨਹੀਂ, ਮੁਹੱਬਤ ਦੇ ਵਾਪਾਰੀ ਹਾਂ’’ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਮੌਜੂਦ ਸਮੂਹ ਪੰਜਾਬੀਆਂ ਅਤੇ ਸਿਨੇਮਾ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਅਤੇ ਭਰਪੂਰ ਆਨੰਦ ਮਾਣਦਾ ਦੇਖਿਆ ਗਿਆ।