ਪੀਜੀਆਈ ਦੇ ਸੈਂਕੜਿਆਂ ਠੇਕਾ ਮੁਲਾਜਮ ਅੱਜ ਦੇਣਗੇ ਧਰਨਾ, ਮਰੀਜਾਂ ਨੂੰ ਹੋਣਗੀਆਂ ਮੁਸ਼ਕਲਾਂ
ਚੰਡੀਗੜ੍ਹ, 13 ਅਕਤੂਬਰ : ਪੀਜੀਆਈ ਚੰਡੀਗੜ੍ਹ ਦੇ ਸੈਂਕੜੇ ਮੁਲਾਜਮਾਂ ਨੇ ਅੱਜ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਹੈ। ਦੁਪਹਿਰ ਲਗਭਗ 12 ਵਜੇ ਤੋਂ ਬਾਅਦ 450 ਠੇਕਾ ਮੁਲਾਜਮ ਪੀਜੀਆਈ ਪ੍ਰਸਾਸਨ ਖਿਲਾਫ ਸੜਕਾਂ ’ਤੇ ਉਤਰ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸਨ ਕਰਨਗੇ। ਮੁਲਾਜਮਾਂ ਦੀ ਕਾਰਗੁਜਾਰੀ ਕਾਰਨ ਪੀਜੀਆਈ ’ਚ ਮਰੀਜਾਂ ਨੂੰ ਪ੍ਰੇਸਾਨੀ ਹੋਵੇਗੀ। ਪੀਜੀਆਈ ’ਚ ਹਰ ਰੋਜ ਹਜਾਰਾਂ ਮਰੀਜ ਇਲਾਜ ਲਈ ਆਉਂਦੇ ਹਨ।
ਵਰਣਨਯੋਗ ਹੈ ਕਿ ਤਨਖਾਹ ਨਾ ਮਿਲਣ ’ਤੇ ਪੀਜੀਆਈ ਦੇ 450 ਠੇਕਾ ਮੁਲਾਜਮਾਂ ਨੇ ਮੈਨੇਜਮੈਂਟ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਬੁੱਧਵਾਰ ਨੂੰ ਪੀਜੀਆਈ ਡਾਇਰੈਕਟਰ ਦੇ ਦਫਤਰ ਦੇ ਬਾਹਰ ਪ੍ਰਦਰਸਨ ਵੀ ਕੀਤਾ। ਮੁਲਾਜਮਾਂ ਨੇ ਦੱਸਿਆ ਕਿ ਪੀਜੀਆਈ ਪ੍ਰਸਾਸਨ ਵੱਲੋਂ ਠੇਕੇਦਾਰ ਬਦਲੇ ਜਾਣ ਕਾਰਨ ਉਨ੍ਹਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ। ਅਕਤੂਬਰ ਮਹੀਨੇ ’ਚ ਕਈ ਤਿਉਹਾਰ ਹੁੰਦੇ ਹਨ। ਅਜਿਹੇ ’ਚ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਲਾਜਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੱਜ 12 ਵਜੇ ਤੱਕ ਉਨ੍ਹਾਂ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਉਹ ਰੋਸ ਪ੍ਰਦਰਸਨ ਕਰਨਗੇ। ਪੀਜੀਆਈ ’ਚ ਸਵੀਪਰ, ਹੈਲਪਰ ਤੋਂ ਲੈ ਕੇ ਨਾਨ-ਟੈਕਨੀਕਲ ਅਸਾਮੀਆਂ ਤੱਕ 450 ਠੇਕੇ ’ਤੇ ਮੁਲਾਜਮ ਕੰਮ ਕਰ ਰਹੇ ਹਨ।
ਪਹਿਲਾਂ ਇਹ 450 ਠੇਕਾ ਮੁਲਾਜਮ ਸੁਦਰਸਨ ਠੇਕੇਦਾਰ ਅਧੀਨ ਕੰਮ ਕਰਦੇ ਸਨ। ਹੁਣ ਇਹ ਠੇਕਾ ਨਵੀਂ ਫਰਮ ਓਮ ਨੂੰ ਦਿੱਤਾ ਗਿਆ ਹੈ। ਇਸ ਕਾਰਨ ਨਵੇਂ ਠੇਕੇਦਾਰ ਨੇ ਅਜੇ ਤੱਕ ਮੁਲਾਜਮਾਂ ਦੀ ਤਨਖਾਹ ਜਾਰੀ ਨਹੀਂ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਮੁਲਾਜਮਾਂ ਦੇ ਤਿੰਨ ਮਹੀਨਿਆਂ ਦੇ ਬਕਾਏ ਵੀ ਬਕਾਇਆ ਪਏ ਹਨ। ਜੇਕਰ ਉਨ੍ਹਾਂ ਦੀ ਤਨਖਾਹ ਸਮੇਂ ਸਿਰ ਜਾਰੀ ਨਾ ਹੋਈ ਤਾਂ ਉਹ ਅੱਜ ਦੁਪਹਿਰ ਤੋਂ ਬਾਅਦ ਹੜਤਾਲ ’ਤੇ ਚਲੇ ਜਾਣਗੇ। ਠੇਕਾ ਮੁਲਾਜਮਾਂ ਦੀ ਹੜਤਾਲ ਕਾਰਨ ਮਰੀਜਾਂ ਨੂੰ ਵੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।