ਸੰਗਰੂਰ, 14 ਜੂਨ, 2023:
ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਮਸਤੂਆਣਾ ਸਾਹਿਬ ਵਿਖੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ਦੇ ਵੱਡੇ ਪ੍ਰੋਜੈਕਟ ਦੇ ਰਾਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਹੇ ਜਾ ਰਹੇ ਅੜਿੱਕਿਆਂ ਨੂੰ ਖ਼ਤਮ ਕਰਾਉਣ ਲਈ, ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ’ਤੇ ਲੱਗੇ ਹੋਏ ਅਣਮਿਥੇ ਸਮੇਂ ਦੇ ਪੱਕੇ ਮੋਰਚੇ ਦੇ 13ਵੇਂ ਦਿਨ ਹਾਜ਼ਰ ਸੰਗਤਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਕਰਮਜੀਤ ਸਿੰਘ ਬਲਾਕ ਪ੍ਰਧਾਨ ਸ਼ੇਰਪੁਰ, ਨਿਰਭੈ ਸਿੰਘ ਚੰਗਾਲ, ਬੰਤ ਸਿੰਘ ਬਾਲੀਆਂ, ਸਾਹਿਬ ਸਿੰਘ ਬਡਬਰ ਤੇ ਸੁਖਵਿੰਦਰ ਕੌਰ ਦੁੱਗਾਂ ਨੇ ਕਿਹਾ ਕਿ ਇਹ ਸੰਘਰਸ਼ ਜਿਉਂ ਜਿਉਂ ਅੱਗੇ ਵਧ ਰਿਹਾ ਹੈ, ਮਸਤੂਆਣਾ ਸਾਹਿਬ ਦੇ ਨੇੜਲੇ 50-60 ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪੈਦਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਵਿੱਚ ਬਾਦਲ-ਦਲੀਆਂ ਨੂੰ ਸਬਕ ਸਿਖਾਉਣ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਹੋ ਗਈਆਂ ਹਨ। ਬੁਲਾਰਿਆਂ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਜਿੰਨੀ ਜਲਦੀ ਪੜ੍ਹਿਆ ਵਿਚਾਰ ਲਵੇ ਉਸ ਲਈ ਓਨਾ ਹੀ ਚੰਗਾ ਹੈ ਨਹੀਂ ਤਾਂ ਸੰਤ ਅਤਰ ਸਿੰਘ ਜੀ ਵਿੱਚ ਸ਼ਰਧਾ ਰੱਖਣ ਵਾਲੇ ਇਸ ਇਲਾਕੇ ਦੇ ਲੋਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਦਲੀਆਂ ਨੂੰ ਪਿੰਡਾਂ ਵਿੱਚ ਵੜਨ ਹੀ ਨਹੀਂ ਦੇਣਗੇ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਲਿੱਦੜਾਂ, ਜਗਤਾਰ ਸਿੰਘ ਦੁੱਗਾਂ, ਚਮਕੌਰ ਸਿੰਘ ਬਹਾਦਰਪੁਰ, ਸਪਿੰਦਰ ਸਿੰਘ ਦੁੱਗਾਂ, ਸੁਰਜੀਤ ਕੌਰ ਬਡਰੁੱਖਾਂ, ਹਰਬੰਸ ਕੌਰ ਲਿੱਦੜਾਂ, ਜਸਵੰਤ ਕੌਰ ਲਿੱਦੜਾਂ ਆਦਿ ਲੋਕਲ ਆਗੂ ਹਾਜ਼ਰ ਸਨ।