ਮੱਖੂ/ਜ਼ੀਰਾ, 8 ਜੁਲਾਈ- ਗੁਰਪ੍ਰੀਤ ਸਿੰਘ ਸਿੱਧੂ / ਮੰਗਲ ਸਿੰਘ
ਨੀਤੀ ਆਯੋਗ ਦੇ ਸੰਪੂਰਨਤਾ ਅਭਿਆਨ ਪ੍ਰੋਗਰਾਮ ਤਹਿਤ ਐਸਪੀਰੇਸ਼ਨਲ ਬਲਾਕ ਮੱਖੂ ਵਿਖੇ ਕਮਿਊਨਿਟੀ ਹੈਲਥ ਸੈਂਟਰ ਬਲਾਕ ਮੱਖੂ ਵਿਚ ਸੰਪੂਰਨਤਾ ਅਭਿਆਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ਼੍ਰੀ ਗੁਰਮੀਤ ਸਿੰਘ ਅਤੇ ਸੈਕਸ਼ਨ ਅਫਸਰ ਸ਼੍ਰੀਮਤੀ ਗੁਰਸ਼ਰਨ ਕੌਰ, ਨੀਤੀ ਆਯੋਗ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਐਸ.ਡੀ.ਐਮ. ਨੇ ਦੱਸਿਆ ਕਿ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਨੀਤੀ ਆਯੋਗ ਦਾ ਸੰਪੂਰਨਤਾ ਅਭਿਆਨ ਪ੍ਰੋਗਰਾਮ 1 ਜੁਲਾਈ ਤੋਂ 30 ਸਤੰਬਰ, 2024 ਤੱਕ ਆਉਣ ਵਾਲੇ ਤਿੰਨ ਮਹੀਨਿਆਂ ਲਈ ਅਭਿਲਾਸ਼ੀ ਬਲਾਕ ਦੇ 40 ਕੇ.ਪੀ.ਆਈਜ਼. ਵਿੱਚੋਂ ਛੇ ਮੁੱਖ ਟੀਚਿਆਂ ‘ਤੇ ਕੇਂਦਰਿਤ ਹੈ। ਇਨ੍ਹਾਂ ਛੇ ਮੁੱਖ ਟੀਚਿਆਂ ਦੀ ਅਗਲੇ 3 ਮਹੀਨਿਆਂ ਵਿੱਚ 100 ਫੀਸਦੀ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਵਿਚ ਪਹਿਲੀ ਤਿਮਾਹੀ ਦੇ ਅੰਦਰ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਰਜਿਸਟਰਡ ਗਰਭਵਤੀ ਔਰਤਾਂ ਦੀ ਪ੍ਰਤੀਸ਼ਤਤਾ, ਡਾਇਬੀਟੀਜ਼ ਲਈ ਜਾਂਚ ਕੀਤੇ ਗਏ ਲੋਕਾਂ ਦੀ ਪ੍ਰਤੀਸ਼ਤਤਾ, ਬਲਾਕ ਵਿੱਚ ਨਿਯਤ ਆਬਾਦੀ ਦੇ ਵਿਰੁੱਧ ਹਾਈਪਰਟੈਨਸ਼ਨ ਲਈ ਜਾਂਚ ਕੀਤੇ ਗਏ ਲੋਕਾਂ ਦੀ ਪ੍ਰਤੀਸ਼ਤਤਾ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਪ੍ਰੋਗਰਾਮ ਤਹਿਤ ਨਿਯਮਤ ਤੌਰ ‘ਤੇ ਪੂਰਕ ਪੋਸ਼ਣ ਲੈਣ ਵਾਲੀਆਂ ਗਰਭਵਤੀ ਔਰਤਾਂ ਦੀ ਪ੍ਰਤੀਸ਼ਤਤਾ, ਮਿੱਟੀ ਦੇ ਨਮੂਨੇ ਇਕੱਠਾ ਕਰਨ ਦੇ ਟੀਚੇ ਦੇ ਤਹਿਤ ਤਿਆਰ ਕੀਤੇ ਮਿੱਟੀ ਸਿਹਤ ਕਾਰਡਾਂ ਦੀ ਪ੍ਰਤੀਸ਼ਤਤਾ, ਸਵੈ-ਸਹਾਇਤਾ ਸਮੂਹਾਂ ਦੀ ਪ੍ਰਤੀਸ਼ਤਤਾ ਆਦਿ ਤੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਸੰਪੂਰਨ ਅਭਿਆਨ ਅਧੀਨ ਵਿਭਾਗਾਂ ਵੱਲੋਂ ਆਪਣੇ ਨਾਲ ਸੰਬੰਧਤ ਸਟਾਲ ਲਗਾਏ ਗਏ। ਸਿਹਤ ਵਿਭਾਗ ਨੇ ਸੰਪੂਰਨਤਾ ਅਭਿਆਨ ਲਈ ਆਪਣੇ ਤਿੰਨ ਕੇ.ਪੀ.ਆਈਜ਼ ਦੀ ਪਾਲਣਾ ਕਰਦੇ ਹੋਏ ਸਿਹਤ ਕੈਂਪ ਲਗਾਏ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ 100% ਸੰਤ੍ਰਿਪਤਤਾ ਪ੍ਰਾਪਤ ਕਰਨ ਲਈ ਕੇ.ਪੀ.ਆਈਜ਼ ਨਾਲ ਸਬੰਧਤ ਆਪਣੀ ਤਿੰਨ ਮਹੀਨਿਆਂ ਦੀ ਯੋਜਨਾ ਪੇਸ਼ ਕੀਤੀ। ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈ.ਸੀ.ਡੀ.ਐਸ.) ਵੱਲੋਂ ਵੀ ਸਟਾਲ ਲਗਾਇਆ ਗਿਆ ਜਿੱਥੇ ਉਨ੍ਹਾਂ ਗਰਭਵਤੀ ਔਰਤਾਂ ਲਈ ਪੌਸ਼ਟਿਕ ਭੋਜਨ ਪਕਾਉਣ ਦਾ ਲਾਈਵ ਪ੍ਰਦਰਸ਼ਨ ਦਿੱਤਾ ਅਤੇ ਭਾਗੀਦਾਰਾਂ ਨੂੰ ਇੱਕ ਸੰਪੂਰਨ ਖੁਰਾਕ ਦੀ ਪੇਸ਼ਕਸ਼ ਕੀਤੀ ਤਾਂ ਕਿ ਗਰਭਵਤੀ ਔਰਤਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਵੱਲੋਂ ਕਿਸ ਪ੍ਰਕਾਰ ਦੀ ਖੁਰਾਕ ਲੈਣੀ ਚਾਹੀਦੀ ਹੈ। ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਵਧੀਆ ਖੇਤੀ ਤਕਨੀਕਾਂ ਅਤੇ ਮਿੱਟੀ ਸਿਹਤ ਕਾਰਡਾਂ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ। ਪਿਰਾਮਲ ਫਾਊਂਡੇਸ਼ਨ ਫ਼ਿਰੋਜ਼ਪੁਰ ਦੀ ਪੂਰੀ ਟੀਮ ਨੇ ਸੰਪੂਰਨਤਾ ਅਭਿਆਨ ਦੀ ਸਫ਼ਲ ਸ਼ੁਰੂਆਤ ਵਿੱਚ ਆਪਣਾ ਸਹਿਯੋਗ ਦਿੱਤਾ।