ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਲੇ ਗੈਰ ਅਧਿਆਪਨ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਤਰੱਕੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਜੀਐਨਡੀਯੂ ਪ੍ਰਬੰਧਨ ਨੂੰ ਜਾਰੀ ਕੀਤੇ ਗਏ ਪੱਤਰ ਮੀਮੋ ਨੰ. 130877$ਕਐਜੂ(2)342 ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਵਿੱਚ ਇੰਪਲਾਈਜ ਐਸੋਸੀਏਸ਼ਨ ਦੇ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਬੰਧਤ ਧਿਰਾਂ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਪ੍ਰਬੰਧਕੀ ਬਲਾਕ ਦੇ ਬਾਹਰ ਕੀਤੀ ਗਈ ਧੰਨਵਾਦ ਰੈਲੀ ‘ਚ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਦੱਸਿਆਂ ਕਿ ਜਾਰੀ ਪੱਤਰ ਦੇ ਵਿੱਚ ਹਦਾਇਤਾਂ ਅਨੁਸਾਰ ਜੀਐਨਡੀਯੂ ਨੂੰ ਆਪਣੇ ਬਾਈਲਾਜ਼ ਅਤੇ ਰੈਗੂਲੇਸ਼ਨਜ਼ ਤਹਿਤ ਕਾਰਵਾਈ ਕਰਨ ਤੇ ਸੋਧ ਕਰਨ ਦੀ ਸੂਰਤ ਵਿੱਚ ਆਪਣੀ ਤਜ਼ਵੀਜ਼ ਪ੍ਰਬੰਧਕੀ ਵਿਭਾਗ ਨੂੰ ਭੇਜਣ ਬਾਬਤ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਜੀਐਨਡੀਯੂ ਦੀ ਮਿਤੀ 21 ਸਤੰਬਰ 2020 ਨੂੰ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ ਹੋਈ ਸਿੰਡੀਕੇਟ ਦੀ ਮੀਟਿੰਗ ਨਾਲ ਜੁੜਿਆਂ ਹੋਇਆਂ ਹੈ। ਉਨ੍ਹਾਂ ਕਿਹਾ ਕਿ ਹੁਣ ਲੰਮੇ ਸਮੇਂ ਤੋਂ ਆਪਣੀਆਂ ਤਰੱਕੀਆਂ ਉਡੀਕ ਰਹੇ ਗੈਰ ਅਧਿਆਪਨ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਪਣਾ ਬਣਦਾ ਹੱਕ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਤਰੱਕੀ ਦੇ ਨਾਲ ਹੀ ਕਿਸੇ ਕਰਮਚਾਰੀ ਤੇ ਅਧਿਕਾਰੀ ਦਾ ਸੁਨਿਹਰੀ ਭਵਿੱਖ ਅਤੇ ਖੁਸ਼ਹਾਲੀ ਜੁੜੀ ਹੁੰਦੀ ਹੈ। ਲਾਹਾ ਪ੍ਰਾਪਤ ਕਰਨ ਵਾਲੇ ਲੰਮੇ ਸਮੇਂ ਤੋਂ ਉਡੀਕ ਹੀ ਨਹੀਂ ਕਰ ਰਹੇ ਬਲਕਿ ਮਾਨਸਿਕ ਪਰੇਸ਼ਾਨੀ ਵੀ ਝੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਵੀ ਕਿਸੇ ਸੰਘਰਸ਼ ਅਤੇ ਅੰਦੋਲਨ ਤੋਂ ਘੱਟ ਨਹੀਂ ਜਿਸ ਵਿੱਚ ਹਰੇਕ ਵਰਗ ਦਾ ਬਰਾਬਰ ਯੋਗਦਾਨ ਤੇ ਹਿੱਸੇਦਾਰੀ ਰਹੀ ਹੈ। ਆਖਿਰਕਾਰ ਜਿੱਤ ਮੁਲਾਜ਼ਮ ਵਰਗ ਦੀ ਹੋਈ ਹੈ। ਹਰਦੀਪ ਸਿੰਘ ਨਾਗਰਾ ਨੇ ਵੀਸੀ ਪ੍ਰੋ. ਡਾ. ਜ਼ਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਡਾ. ਕੇ.ਐਸ. ਕਾਹਲੋਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਐਸੋਸੀਏਸ਼ਨ ਦੇ ਸਮੁੱਚੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਜਿੱਤ ਦਾ ਆਗਾਜ਼ ਹੋ ਚੁੱਕਾ ਹੈ ਤੇ ਅੰਜਾਮ ਤੱਕ ਪਹੁੰਚਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜਿੱਤ ਦੇ ਜਸ਼ਨਾ ਦੇ ਨਾਲ-ਨਾਲ ਇਸ ਦੇ ਮਹੱਤਵ ਦੇ ਅਰਥਾਂ ਨੂੰ ਵੀ ਸਮਝਣਾ ਸਮੇਂ ਦੀ ਮੰਗ ਅਤੇ ਲੋੜ ਹੈ। ਉਨ੍ਹਾਂ ਕਿਹਾ ਕਿ ਏਕੇ ਵਿੱਚ ਬਰਕਤ ਹੁੰਦੀ ਹੈ ਇਸ ਲਈ ਐਸੋਸੀਏਸ਼ਨ ਦੇ ਵੱਲੋਂ ਉਹ ਮੰਚ ਤਿਆਰ ਅਤੇ ਪ੍ਰਦਾਨ ਕੀਤਾ ਗਿਆ ਹੈ। ਸੱਭ ਨੂੰ ਇਸ ਵਿੱਚ ਸਹਿਯੋਗ ਅਤੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਭਾਰਦਵਾਜ਼, ਸਕੱਤਰ ਮਨਪ੍ਰੀਤ ਸਿੰਘ, ਏ.ਆਰ ਜਗੀਰ ਸਿੰਘ, ਸਕੱਤਰ ਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਪ੍ਰਗਟ ਸਿੰਘ, ਹਰਦੀਪ ਸਿੰਘ, ਕੁਲਜਿੰਦਰ ਸਿੰਘ ਬੱਲ, ਅਮਨ ਅਰੌੜਾ ਆਦਿ ਵੀ ਹਾਜ਼ਰ ਸਨ।
ਫੋੋਟੋ ਕੈਪਸ਼ਨ;^ ਧੰਨਵਾਦ ਰੈਲੀ ਦੌਰਾਨ ਸੰਬੋਧਨ ਕਰਦੇ ਹਰਦੀਪ ਸਿੰਘ ਨਾਗਰਾ ਤੇ ਹੋਰ।