ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਕੀਤੀ ਮੰਗ, ਭਾਰਤੀ ਕਰੰਸੀ ’ਤੇ ਗਾਂਧੀ ਜੀ ਨਾਲ ਛਪੇ ਲੱਛਮੀ-ਗਣੇਸ਼ ਦੀ ਤਸਵੀਰ
ਨਵੀਂ ਦਿੱਲੀ, 26 ਅਕਤੂੁਬਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ’ਚ ਭਾਰਤੀ ਨੋਟ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਵੱਡੀ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਇਕ ਵਿਕਸਤ ਦੇਸ਼ ਬਣੇ ਪਰ ਕੋਸ਼ਿਸ਼ਾਂ ਉਦੋਂ ਹੀ ਸਫਲ ਹੁੰਦੀਆਂ ਹਨ, ਜਦੋਂ ਦੇਵੀ-ਦੇਵਤਿਆਂ ਦੀ ਕਿਰਪਾ ਹੁੰਦੀ ਹੈ। ਇਸ ਲਈ ਮੈਂ ਕੇਂਦਰ ਤੋਂ ਮੰਗ ਕਰਦਾ ਹਾਂ ਕਿ ਭਾਰਤੀ ਕਰੰਸੀ ’ਤੇ ਗਾਂਧੀ ਜੀ ਦੀ ਫੋਟੋ ਦੇ ਦੂਜੇ ਪਾਸੇ ਲੱਛਮੀ-ਗਣੇਸ਼ ਜੀ ਦੀ ਫੋਟੋ ਛਾਪੀ ਜਾਵੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਇਕ ਅਮੀਰ ਦੇਸ਼ ਬਣੇ। ਭਾਰਤ ’ਚ ਰਹਿਣ ਵਾਲੇ ਸਾਰੇ ਪਰਿਵਾਰ ਅਮੀਰ ਹੋਣ। ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਕਿਹਾ ਕਿ ਅੱਜ ਮੇਰੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਕਰੰਸੀ ’ਤੇ ਗਾਂਧੀ ਜੀ ਦੀ ਤਸਵੀਰ ਦੇ ਨਾਲ ਮਾਤਾ ਲੱਛਮੀ ਅਤੇ ਗਣੇਸ਼ ਜੀ ਦੀ ਤਸਵੀਰ ਲਗਾਉਣ ਦੀ ਅਪੀਲ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਨੋਟ ਬਦਲਣ ਦੀ ਮੰਗ ਨਹੀਂ ਕਰ ਰਹੇ। ਅਸੀਂ ਚਾਹੁੰਦੇ ਹਾਂ ਕਿ ਇਹ ਨਿਯਮ ਨਵੇਂ ਨੋਟਾਂ ’ਤੇ ਲਾਗੂ ਕੀਤਾ ਜਾਵੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਭਾਰਤੀ ਅਰਥਵਿਵਸਥਾ ਨੂੰ ਅੱਗੇ ਲੈਜਾਣ ਲਈ ਬਹੁਤ ਯਤਨ ਕਰਨ ਦੀ ਲੋੜ ਹੈ ਪਰ ਇਸ ਨਾਲ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਵੀ ਚਾਹੀਦਾ ਹੈ। ਦਿੱਲੀ ਦੇ ਸੀਐਮ ਨੇ ਕਿਹਾ ਕਿ ਜੇ ਭਾਰਤੀ ਕਰੰਸੀ ’ਤੇ ਲੱਛਮੀ-ਗਣੇਸ਼ ਜੀ ਦੀ ਤਸਵੀਰ ਹੋਵੇਗੀ ਤਾਂ ਪੂਰੇ ਦੇਸ਼ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲੇਗਾ। ਮਾਤਾ ਲੱਛਮੀ ਨੂੰ ਖੁਸਹਾਲੀ ਦੀ ਦੇਵੀ ਮੰਨਿਆ ਜਾਂਦਾ ਹੈ। ਗਣੇਸ਼ ਜੀ ਨੂੰ ਵਿਘਨਹਾਰਤਾ ਕਿਹਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਕਰੰਸੀ ਦੇ ਇਕ ਪਾਸੇ ਗਾਂਧੀ ਜੀ ਦੀ ਤਸਵੀਰ ਹੈ, ਇਸ ਨੂੰ ਜਿਵੇਂ ਹੈ ਉਸੇ ਤਰ੍ਹਾਂ ਹੀ ਰਹਿਣ ਦਿਓ। ਦੂਜੇ ਪਾਸੇ ਗਣੇਸ਼ ਜੀ ਤੇ ਲੱਛਮੀ ਜੀ ਦੀ ਤਸਵੀਰ ਲਗਾਈ ਜਾਵੇ।