ਹੁਸ਼ਿਆਰਪੁਰ
ਸੰਤ ਨਿਰੰਕਾਰੀ ਸਤਿਸੰਗ ਭਵਨ, ਜਲੰਧਰ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਨਿਰੰਕਾਰੀ ਰਾਜ ਪਿਤਾ ਰਮਿਤ ਚਾਂਦਨਾ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਪੂਰਵਕ ਹੋਇਆ। ਇਸ ਮੌਕੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਮਾਗਮ ਵਿੱਚ ਪਹੁੰਚ ਕੇ ਆਨੰਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵੱਖ ਵੱਖ ਸ਼ਰਧਾਲੂਆਂ ਨੇ ਧਾਰਮਿਕ ਸ਼ਬਦ, ਗੀਤ, ਸੰਗੀਤ, ਕਵਿਤਾਵਾਂ, ਵਿਚਾਰਾਂ ਆਦਿ ਰਾਹੀਂ ਸੱਚ ਦਾ ਸੰਦੇਸ਼ ਦਿੱਤਾ। ਇਸ ਮੌਕੇ ਨਿਰੰਕਾਰੀ ਰਾਜ ਪਿਤਾ ਰਮਿਤ ਚਾਂਦਨਾ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਫਰਮਾਇਆ ਕਿ ਬ੍ਰਹਮਗਿਆਨੀ ਗੁਰਸਿੱਖ ਹਮੇਸ਼ਾ ਪ੍ਰਮਾਤਮਾ ਨੂੰ ਜਾਣਕੇ ਪ੍ਰਭੂ ਦੇ ਭਾਣੇ ਵਿੱਚ ਰਹਿੰਦੇ ਹੋਏ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਅਮਲੀ ਤੌਰ ਤੇ ਮੰਨਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਹਨ। ਉਹਨਾਂ ਦੱਸਿਆ ਕਿ ਤਨ ਦੀ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਕਸਰ ਆਪਣੇ ਪ੍ਰਵਚਨਾਂ ਵਿੱਚ ਫਰਮਾਉਂਦੇ ਹਨ ਕਿ ਭਗਤ ਕੁਝ ਪਲਾਂ ਦਾ ਭਗਤ ਨਹੀਂ ਹੁੰਦਾ ਬਲਕਿ ਹਰ ਵਕਤ ਦਾ ਹਰ ਸਮੇਂ ਦਾ ਭਗਤ ਹੁੰਦਾ ਹੈ। ਸੰਸਾਰ ਦੀ ਦਿ੍ਰਸ਼ਟੀ ਤੋਂ ਜਿਉਣਯੋਗ ਜੀਵਨ ਉਹੀ ਮੁਬਾਰਕ ਹੁੰਦਾ ਹੈ ਕਿ ਜਿੱਥੇ ਵੀ ਇਨਸਾਨ ਜਾਵੇ ਸੰਸਾਰ ਉਸਦੇ ਚੰਗੇ ਕਰਮਾਂ ਕਰਕੇ ਉਸਨੂੰ ਪਹਿਚਾਣੇ। ਅਸੀਂ ਦੁਨਿਆਵੀ ਉਪਲੱਬਧੀਆਂ ਦੀ ਕਿਸੇ ਪੌੜੀ ਦੇ ਜਿੰਨੇ ਵੀ ਕਦਮ ਚੜਦੇ ਜਾਂਦੇ ਹਾਂ ਅੱਗੇ ਇੱਕ ਪੌੜੀ ਹੋਰ ਉਸਦਾ ਇੰਤਜਾਰ ਕਰ ਰਹੀ ਹੁੰਦੀ ਹੈ। ਪੌੜੀ ਚੜ੍ਹਨਾ ਮੁਬਾਰਕ ਹੈ ਪਰ ਇਨਸਾਨ ਨੂੰ ਬ੍ਰਹਮਗਿਆਨ ਦੀ ਪ੍ਰਾਪਤੀ ਕਰਕੇ, ਮੂਲ ਨੂੰ ਜਾਣਕੇ, ਮਨ ਵਿੱਚੋਂ ਵੈਰ, ਨਫ਼ਰਤ ਦੀਆਂ ਦੀਵਾਰਾਂ ਖਤਮ ਕਰਕੇ ਗੁਰਮਤ ਦੀ ਪੌੜੀ ਚੜਨਾ ਚਾਹੀਦਾ ਹੈ। ਗੁਰਮਤ ਨਾਲ ਭਰਪੂਰ ਗੁਣਾਂ ਨਾਲ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਤਾਂ ਸੰਸਾਰ ਦੇ ਲੋਕ ਸਾਨੂੰ ਪਿਆਰ ਕਰਦੇ ਹਨ ਅਤੇ ਸਤਿਕਾਰ ਦਿੰਦੇ ਹਨ। ਸਾਡਾ ਖਾਣਾ, ਪੀਣਾ, ਉੱਠਣਾ, ਬੈਠਣਾ ਮੁਬਾਰਕ ਹੋ ਜਾਂਦਾ ਹੈ। ਇਨਸਾਨ ਦੇ ਮਨ ’ਚੋਂ ਹਊਮੈ ਖਤਮ ਹੋ ਜਾਂਦੀ ਹੈ ਅਤੇ ਉਹ ਆਪਣੀ ਜਿੰਦਗੀ ਦੀ ਅਸਲੀ ਮੰਜਿਲ ਵੱਲ ਵਧਣ ਲੱਗਦਾ ਹੈ। ਉਹਨਾਂ ਸੰਪੂਰਨ ਅਵਤਾਰ ਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ‘ਗੁਰਸਿੱਖ ਗੁਰ ਦੀ ਅੱਖ ਨਾਲ ਦੇਖੇ, ਗੁਰ ਦੇ ਕੰਨ ਨਾਲ ਸੁਣਦਾ ਹੈ। ਗੁਰਸਿੱਖ ਗਿਆਨ ਸਰੋਵਰ ਵਿਚੋਂ ਹੀਰੇ ਮੋਤੀ ਚੁਣਦਾ ਹੈ।’
ਉਹਨਾਂ ਜਲੰਧਰ ਸ਼ਹਿਰ ਦੇ ਨਾਮ ਸਬੰਧੀ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ‘ਜਲੰਧਰ’ ਦੇ ਨਾਮ ਵਾਂਗ ਮਨ ਦੇ ਅੰਦਰ ਜੋ ਮੈਂ ਹੈ ਉਸਨੂੰ ਜਲਾਉਣਾ ਪਵੇਗਾ, ਹੁਊਮੈ ਨੂੰ ਛੱਡਣਾ ਪਵੇਗਾ ਅਗਰ ਅਸੀਂ ਪ੍ਰਮਾਤਮਾ ਨੂੰ ਪਾਕੇ ਪ੍ਰਮਾਤਮਾ ਦੀ ਕਸੌਟੀ ਤੇ ਖਰਾ ਉਤਰਨਾ ਹੈ। ਗਿਆਨ ਪ੍ਰਾਪਤ ਕਰਨ ਉਪਰੰਤ ਵੀ ਅਗਰ ਅਸੀਂ ਹਊਮੈਂ ਵਿੱਚ ਰਹਿੰਦੇ ਹਾਂ ਤਾਂ ਅਸੀਂ ਹੀਰੇ ਮੋਤੀ ਇਕੱਠੇ ਕਰਨ ਦੀ ਵਜਾਏ ਕੰਕਰ ਪੱਥਰ ਇਕੱਠੇ ਕਰਦੇ ਹਾਂ ਜਿਸ ਦੀ ਕੋਈ ਕੀਮਤ ਨਹੀਂ। ਕਈ ਇਨਸਾਨ ਸਿਰਫ਼ ਮਾਇਆ ਨੂੰ ਹੀ ਸਭ ਕੁਝ ਸਮਝੀ ਬੈਠੇ ਹਨ, ਮਾਇਆ ਨਾਸ਼ਵਾਨ ਹੈ ਜਦੋਂਕਿ ਬ੍ਰਹਮਗਿਆਨ ਅਮਰ ਰਹਿਣ ਦੀ ਅਵਸਥਾ ਹੈ। ਇਸ ਲਈ ਸਿਰਫ਼ ਪ੍ਰਭੂ ਦਾ ਨਾਮ ਲੈਣਾ ਹੀ ਕਾਫ਼ੀ ਨਹੀਂ ਸਗੋਂ ਪ੍ਰਭੂ ਦੀ ਭਗਤੀ ਵੀ ਕਰਨੀ ਹੈ। ਪ੍ਰਮਾਤਮਾ ਨੂੰ ਜਾਣਕੇ, ਸਮਝ ਕੇ, ਸੇਵਾ, ਸਿਮਰਨ, ਸਤਿਸੰਗ ਕਰਦੇ ਹੋਏ ਭਗਤੀ ਕਰਨੀ ਚਾਹੀਦੀ ਹੈ। ਸਾਡੇ ਜੀਵਨ ਵਿੱਚ ਪ੍ਰਭੂ ਦਾ ਪ੍ਰੇਮ ਵੀ ਵਸਣਾ ਚਾਹੀਦਾ ਹੈ। ਮਾਨਵ ਨੂੰ ਜੀਵਨ ਮਿਲਿਆ ਹੈ ਪ੍ਰੇਮ, ਪਿਆਰ ਨਾਲ ਜਿਉਣ ਲਈ, ਪ੍ਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਪਰ ਇਨਸਾਨ ਅਗਿਆਨਤਾ ਕਾਰਨ ਆਪਣੇ ਹੰਕਾਰ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੈ। ਸਤਿਗੁਰੂ ਹਮੇਸ਼ਾ ਇਨਸਾਨ ਨੂੰ ਬ੍ਰਹਮਗਿਆਨ ਦੀ ਜਾਣਕਾਰੀ ਕਰਵਾ ਕੇ ਜੀਵਨ ਜਿਉਣ ਦੀ ਜੁਗਤੀ ਸਿਖਾਉਂਦੇ ਹਨ। ਇਸ ਲਈ ਸਮੇਂ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਅੱਜ ਮਾਨਵ ਨੂੰ ਬ੍ਰਹਮਗਿਆਨ ਰਾਹੀਂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਇਨਸਾਨ ਦਾ ਜੀਵਣ ਸਫ਼ਲ ਬਣਾ ਰਹੇ ਹਨ। ਉਹਨਾਂ ਕਿਹਾ ਕਿ ਜੀਵਨ ਦੇ ਸਾਰੇ ਪਹਿਲੂ ਹੀ ਪ੍ਰੇਮ ਨਾਲ ਭਰੇ ਜਾ ਸਕਦੇ ਹਨ। ਸੰਸਾਰ ਦੇ ਸਾਰੇ ਪਲ ਪ੍ਰਭੂ ਪ੍ਰੇਮ ਨਾਲ ਪਾਏ ਜਾ ਸਕਦੇ ਹਨ। ਅਸੀਂ ਕਾਗਜ ਦੇ ਫੁੱਲ ਨਹੀਂ ਬਣਨਾ ਸਗੋਂ ਅਸਲੀ ਫੁੱਲ ਬਣਕੇ ਜੀਵਨ ਬਤੀਤ ਕਰਨਾ ਹੈ, ਸਤਿਗੁਰੂ ਬ੍ਰਹਮਗਿਆਨ ਦੇ ਕੇ ਜੀਵਨ ਵਿੱਚ ਕੋਮਲਤਾ, ਸ਼ੀਤਲਤਾ, ਪਿਆਰ ਦੀ ਖੁਸ਼ਬੂ ਭਰ ਦਿੰਦਾ ਹੈ ਅਤੇ ਸਾਡਾ ਜੀਵਨ ਅਸਲੀ ਫੁੱਲਾਂ ਦੀ ਤਰ੍ਹਾਂ ਸਭਨੂੰ ਮਹਿਕ ਦੇਣ ਵਾਲਾ ਬਣ ਜਾਂਦਾ ਹੈ। ਸਤਿਗੁਰੂ ਮਾਨਵ ਨੂੰ ਸ਼ਾਕਾਰ ਰੂਪ ਵਿੱਚ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਸਭ ਦਾ ਜੀਵਨ ਮੁਕਤ ਕਰ ਦਿੰਦਾ ਹੈ। ਅਗਰ ਸਾਡੇ ਮਨ ਵਿੱਚ ਪ੍ਰਮਾਤਮਾ ਦੇ ਵਾਸ ਨੂੰ ਅਸੀਂ ਬ੍ਰਹਮਗਿਆਨ ਰਾਹੀਂ ਸਮਝ ਲਿਆ ਤਾਂ ਅਸੀਂ ਜਿਉਂਦੇ ਜੀਅ ਮੁਕਤ ਹੋ ਸਕਦੇ ਹਾਂ ਨਹੀਂ ਤਾਂ ਫਿਰ ਬੰਧਨਾਂ ਵਿੱਚ ਹੀ ਫਸੇ ਰਹਿੰਦੇ ਹਾਂ। ਇਸ ਸੰਤ ਸਮਾਗਮ ਮੌਕੇ ਕਪੂਰਥਲਾ ਜੋਨ ਦੇ ਜੋਨਲ ਇੰਚਾਰਜ ਗੁਲਸ਼ਨ ਲਾਲ ਅਹੂਜਾ ਜੀ ਨੇ ਸਾਰੇ ਪ੍ਰਬੰਧਕਾਂ ਵੱਲੋਂ ਨਿਰੰਕਾਰੀ ਰਾਜ ਪਿਤਾ ਰਮਿਤ ਜੀ, ਸਮੂਹ ਸੰਗਤਾਂ ਅਤੇ ਵਿਸ਼ੇਸ਼ ਮਹਿਮਾਨਾ ਦਾ ਨਿੱਘਾ ਸਵਾਗਤ ਕਰਦੇ ਹੋਏ ਜੀ ਆਇਆਂ ਨੂੰ ਆਖਿਆ ਅਤੇ ਸਮੂਹ ਸੇਵਾਦਾਰਾਂ, ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਰਪੂਰ ਸਹਿਯੋਗ ਦੇਣ ਤੇ ਧੰਨਵਾਦ ਕੀਤਾ।