ਚੰਡੀਗੜ੍ਹ 21 ਮਾਰਚ
ਬੋਲੇ ਪੰਜਾਬ ਬਿਓਰੋ: ਪੰਜਾਬ ਵਿੱਚ ਮੌਜੂਦਾ ਆਪ ਸਰਕਾਰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ, ਪ੍ਰੰਤੂ ਉਹਨਾਂ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜਪੁਰ ਦਾ ਸਟਾਫ ਪਿਛਲੇ ਛੇ ਮਹੀਨੇ ਤੋਂ ਤਨਖਾਹਾਂ ਤੋਂ ਵਾਂਝਾ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 15 ਕਰੋੜ ਦੀ ਸਲਾਨਾ ਗਰਾਂਟ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਲ 2022 ਦੇ ਬਜਟ ਦੌਰਾਨ ਇਸ ਯੂਨੀਵਰਸਿਟੀ ਦੀ ਸਲਾਨਾ ਗਰਾਂਟ 15 ਕਰੋੜ ਤੋਂ ਵਧਾ ਕੇ ਦੁਗਣੀ ਭਾਵ 30 ਕਰੋੜ ਕਰਨ ਦਾ ਐਲਾਨ ਕੀਤਾ ਸੀ, ਪਰੰਤੂ ਇਹ ਗਰਾਂਟ ਜਾਰੀ ਨਹੀਂ ਕੀਤੀ ਗਈ। ਇਸ ਸਾਲ ਦੇ ਬਜਟ ਵਿੱਚ ਵੀ ਯੂਨੀਵਰਸਿਟੀ ਦੀ ਗਰਾਂਟ ਵਿਚ ਕੋਈ ਵਾਧਾ ਨਜ਼ਰ ਨਹੀਂ ਆ ਰਿਹਾ ਹੈ। ਯੂਨੀਵਰਸਿਟੀ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਦੱਸਿਆ ਕਿ ਸਮੂਹ ਸਟਾਫ ਪਹਿਲਾਂ ਵੀ ਕਲਮ ਛੋੜ ਹੜਤਾਲ ਤੇ ਗਿਆ ਸੀ। ਉਸ ਸਮੇਂ ਨਵੇਂ ਨਿਯੁਕਤ ਹੋਏ ਵਾਈਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਮਿੱਤਲ ਜੀ ਵੱਲੋਂ 15 ਦਿਨ ਦਾ ਸਮਾਂ ਮੰਗਿਆ ਗਿਆ ਸੀ ਤਾਂ ਜੋ ਯੂਨੀਵਰਸਿਟੀ ਸਟਾਫ ਦੀਆਂ ਪੈਂਡਿੰਗ ਤਨਖਾਹਾਂ ਲਈ ਸਰਕਾਰ ਤੋਂ ਸਪੈਸ਼ਲ ਗਰਾਂਟ ਜਾਰੀ ਕਰਵਾਈ ਜਾ ਸਕੇ। ਪਰ 20 ਦਿਨ ਬੀਤ ਜਾਣ ਤੇ ਵੀ ਸਰਕਾਰ ਵੱਲੋਂ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਸਮੂਹ ਸਟਾਫ 14 ਮਾਰਚ ਤੋਂ ਮੁੜ ਕਲਮ ਛੋੜ ਹੜਤਾਲ ਤੇ ਚੱਲ ਰਿਹਾ ਹੈ। ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਡਾ.ਕੁਲਭੂਸ਼ਨ ਅਗਨੀਹੋਤਰੀ ਪ੍ਰਧਾਨ ਇੰਜੀਨੀਅਰਿੰਗ ਕਾਲਜ ਟੀਚਰਜ਼ ਐਸੋਸੀਏਸ਼ਨ ਡਾ.ਰਾਕੇਸ਼ ਕੁਮਾਰ ਸਕੱਤਰ SBSSU,ਗੁਰਪ੍ਰੀਤ ਸਿੰਘ ਪ੍ਰਧਾਨ ਸਤਿੰਦਰ ਸ਼ਰਮਾ ਸਕੱਤਰ ਸਟਾਫ ਵੈਲਫੇਅਰ ਐਸੋਸੀਏਸ਼ਨ ਐਸ.ਬੀ.ਐਸ.ਐਸ.ਯੂ
ਸ਼੍ਰੀਮਤੀ ਜਸਪਾਲ ਕੌਰ
ਯਸ਼ਪਾਲ ਪੀ.ਆਰ.ਓ ਨੇ ਪਿਛਲੇ ਛੇ ਮਹੀਨੇ ਦੀਆਂ ਤਨਖਾਹਾਂ ਨਾਂ ਮਿਲਣ ਕਾਰਨ ਸਮੂਹ ਸਟਾਫ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਵਿੱਖੇ ਸਥਿਤ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਜੀ ਦੇ ਦਫਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜੁਆਇੰਟ ਐਕਸ਼ਨ ਕਮੇਟੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406 /22 ਬੀ ਚੰਡੀਗੜ੍ਹ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੈਂਡਿੰਗ ਤਨਖਾਹਾਂ ਦੀ ਗਰਾਂਟ ਜਲਦੀ ਜਾਰੀ ਨਾਂ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਗ੍ਰਾਂਟ ਸਬੰਧੀ ਮਾਨਯੋਗ ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਜੀ ਨੂੰ ਮੰਗ ਪੱਤਰ ਸੋਪਿਆ ਗਿਆ।