ਪਿਛਲੇ ਦਿਨੀਂ ਸ਼ਰਾਬ ਫੈਕਟਰੀ ਵਲੋਂ ਦਿੱਤੀ ਬੀਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਪਏ ਰਾਜਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਨ ਲਈ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਕਲਾਂ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਥਾ ਜੋਸ਼ੀਲੇ ਨਾਹਰਿਆਂ ਦੀ ਗੂੰਜ ਵਿੱਚ ਸ਼ਾਮਲ ਹੋਇਆ । ਇਸ ਮੌਕੇ ਵੱਖ ਵੱਖ ਪਿੰਡਾਂ ਦੇ ਆਗੂਆਂ ਤੋਂ ਇਲਾਵਾ ਕੌਰ ਨਸ਼ਾ ਰੋਕੂ ਅਤੇ ਵਿਰਸਾ ਸੰਭਾਲ ਸੁਸਾਇਟੀ ਦੀ ਪ੍ਰਧਾਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਆਗੂ ਰਮਨਦੀਪ ਕੌਰ ਮਰਖਾਈ ਵੀ ਸ਼ਾਮਲ ਹੋਏ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਨੇ ਕਿਹਾ ਕਿ ਇਲਾਕੇ ਅੰਦਰ ਵੱਡੀ ਪੱਧਰ ਤੇ ਬੀਮਾਰੀਆਂ ਵੰਡਣ ਵਾਲੀ ਫੈਕਟਰੀ ਬੰਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਵੋਟਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਸਰਕਾਰ ਪਿੰਡਾਂ ਵਿੱਚੋਂ ਚੱਲੇਗੀ, ਪਰ ਅੱਜ ਦਰਜਨਾਂ ਪਿੰਡਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਸੁਣ ਕੇ ਫੈਕਟਰੀ ਬੰਦ ਕਰਨ ਦਾ ਅੈਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਵਾਤਾਵਰਣ ਦੇ ਦੂਸ਼ਿਤ ਹੋਣ ਦਾ ਠੀਕਰਾ ਕਿਸਾਨਾਂ ਸਿਰ ਭੰਨਣ ਵਾਲੇ ਅਖੌਤੀ ਬੁੱਧੀਜੀਵੀ ਅਤੇ ਵਾਤਾਵਰਣ ਪ੍ਰੇਮੀ ਹੁਣ ਕਿਉਂ ਚੁੱਪ ਹਨ । ਉਨ੍ਹਾਂ ਕਿਹਾ ਕਿ ਪੰਜ ਮਹੀਨੇ ਤੋਂ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਕੀਤੇ ਗਏ ਪਰਚੇ ਹਾਲੇ ਤੱਕ ਰੱਦ ਨਹੀ ਕੀਤੇ ਗਏ ਸਗੋ ਪ੍ਰਦਰਸ਼ਨਕਾਰੀਆਂ ਦੀਆਂ ਜਮੀਨਾਂ ਦੀਆਂ ਫਰਦਾਂ ਅਦਾਲਤ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਹੋਰਨਾ ਤੋਂ ਇਲਾਵਾ ਵੀਰ ਸਿੰਘ ਮੱਲੋਕੇ, ਕੁਲਵਿੰਦਰ ਸਿੰਘ, ਨਿਰਮਲ ਸਿੰਘ ਰੱਜੀਵਾਲਾ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਮਲਵਾਲ, ਹਾਕਮ ਸਿੰਘ , ਚੰਨਣ ਸਿੰਘ ਕਮੱਗਰ, ਗੁਰਚਰਨ ਸਿੰਘ ਵਸਤੀ ਅਜ਼ੀਜ ਵਾਲੀ, ਦਰਸ਼ਨ ਸਿੰਘ ਲੋਹਾਮ, ਹਰਜੀਤ ਸਿੰਘ ਲੋਹਾਮ, ਲਖਬੀਰ ਸਿੰਘ ਮੁੱਦਕੀ, ਲਖਬੀਰ ਸਿੰਘ ਚੰਦੜ, ਸੁਖਵਿੰਦਰ ਸਿੰਘ ਚੰਦੜ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।