Home » ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਹਿੱਤਾਂ ਨੂੰ ਕਿਸੇ ਕੀਮਤ ’ਤੇ ਨਾ ਵੇਚਣ ਮੁੱਖ ਮੰਤਰੀ ਭਗਵੰਤ ਮਾਨ : ਜਸਵੀਰ ਸਿੰਘ ਗੜ੍ਹੀ

ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਹਿੱਤਾਂ ਨੂੰ ਕਿਸੇ ਕੀਮਤ ’ਤੇ ਨਾ ਵੇਚਣ ਮੁੱਖ ਮੰਤਰੀ ਭਗਵੰਤ ਮਾਨ : ਜਸਵੀਰ ਸਿੰਘ ਗੜ੍ਹੀ

ਪਾਣੀਆਂ ਦੀ ਕੀਮਤ ਦੇ ਮੁੱਦੇ ’ਤੇ ਭਗਵੰਤ ਮਾਨ ਦਿੱਲੀ ਸਰਕਾਰ ਨਾਲ ਵੀ ਕਰੇ ਮੀਟਿੰਗ

by Rakha Prabh
68 views

ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਹਿੱਤਾਂ ਨੂੰ ਕਿਸੇ ਕੀਮਤ ’ਤੇ ਨਾ ਵੇਚਣ ਮੁੱਖ ਮੰਤਰੀ ਭਗਵੰਤ ਮਾਨ : ਜਸਵੀਰ ਸਿੰਘ ਗੜ੍ਹੀ
–ਪਾਣੀਆਂ ਦੀ ਕੀਮਤ ਦੇ ਮੁੱਦੇ ’ਤੇ ਭਗਵੰਤ ਮਾਨ ਦਿੱਲੀ ਸਰਕਾਰ ਨਾਲ ਵੀ ਕਰੇ ਮੀਟਿੰਗ
ਚੰਡੀਗੜ੍ਹ, 13 ਅਕਤੂਬਰ : 14 ਅਕਤੂਬਰ ਨੂੰ ਐਸਵਾਈਐਲ ਮੁੱਦੇ ’ਤੇ ਹੋਣ ਵਾਲੀ ਹਰਿਆਣਾ ਅਤੇ ਪੰਜਾਬ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ੀਹਤ ਦਿੱਤੀ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਹਿੱਤਾਂ ਨੂੰ ਦਾਅ ’ਤੇ ਨਾ ਲਗਾਉਣ।

ਜਾਰੀ ਇਕ ਬਿਆਨ ’ਚ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਿਹਾ ਕਿ ਇਸ ਮੀਟਿੰਗ ਨੂੰ ਲੈਕੇ ਪੰਜਾਬ ਸਰਕਾਰ ਜਿੱਥੇ ਭਾਜਪਾ ਤੋਂ ਚੌਕਸ ਰਹੇ ਉਥੇ ਇਸ ਤੋਂ ਵੀ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪੂਰੀ ਟੀਮ ਤੋਂ ਚੁਕੰਨੇ ਰਹਿਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਟੀਮ ਦੇ ਯੋਜਨਾਕਾਰ ਹਰਿਆਣਾ ’ਚ ਚੋਣਾਂ ਜਿੱਤਣ ਲਈ ਪੰਜਾਬ ਮੁੱਖ ਮੰਤਰੀ ਤੋਂ ਕੁਝ ਵੀ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਕ ਸੂਬੇ ’ਚ ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਨੂੰ ਦਾਅ ’ਤੇ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿਨੋਂ ਦਿਨ ਪਾਣੀ ਪਹਿਲਾਂ ਹੀ ਘੱਟ ਰਿਹਾ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਦੀ ਲੋੜ ਹੀ ਪੂਰੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੀ ਕੀਮਤ ਦੇ ਮੁੱਦੇ ’ਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨਾਲ ਵੀ ਮੀਟਿੰਗ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਦੋਵਾਂ ਸੂਬਿਆਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਣੀਆਂ ਦੀ ਕੀਮਤ ਪੰਜਾਬ ਨੂੰ ਦੇਣ ਲਈ ਪਾਬੰਦ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੰਜਾਬ ਨੂੰ ਪਾਣੀਆਂ ਦੀ ਕੀਮਤ ਦਿੰਦਾ ਹੈ ਤਾਂ ਛੇਤੀ ਹੀ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਹੁਕਮਰਾਨਾਂ ਪਹਿਲਾਂ ਵੀ ਪੰਜਾਬ ਨੂੰ ਕਈ ਮੁੱਦਿਆਂ ’ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ’ਚ ਕਵੀ ਅਤੇ ਲੇਖਕ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤੇਜਿੰਦਰਪਾਲ ਬੱਗਾ ’ਤੇ ਦਰਜ ਕੀਤਾ ਝੂਠਾ ਪੁਲਿਸ ਕੇਸ ਜਿਸ ਨੂੰ ਹੁਣ ਹਾਈਕੋਰਟ ਨੇ ਰੱਦ ਕਰਨ ਦੇ ਹੁਕਮ ਦਿੱਤੇ ਹਨ।

ਇਸੇ ਤਰ੍ਹਾਂ ਹੀ ਆਪ ਪਾਰਟੀ ਵੱਲੋਂ ਪੰਜਾਬ ਦੇ ਕਈ ਲੋਕਾਂ ਦੀ ਸੁਰੱਖਿਆ ਸਬੰਧੀ ਗੁਪਤ ਕਾਗਜ਼ ਵਾਇਰਲ ਕੀਤੇ ਗਏ ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਦੀਆਂ ਅਜਿਹੀਆਂ ਹਰਕਤਾਂ ਜਿਨ੍ਹਾਂ ’ਚ ਉਹ ਪੰਜਾਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਚੌਕਸ ਰਹਿਣ ਕਿਤੇ ਹੁਣ ਪਾਣੀਆਂ ਦੇ ਮੁੱਦੇ ’ਤੇ ਵੀ ਪੰਜਾਬ ਦੇ ਹੱਥ ਵੰਢਾਉਣ ਲਈ ਦਬਾਅ ਹੇਠ ਆ ਜਾਣ।

Related Articles

Leave a Comment