ਗੈਂਗਸਟਰ ਲੰਡਾ ਨੇ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਜਿੰਮੇਵਾਰੀ
ਤਰਨਤਾਰਨ, 12 ਅਕਤੂਬਰ : ਪਿੰਡ ਰਸੂਲਪੁਰ ’ਚ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਜੰਟਾ ਦੀ ਮੰਗਲਵਾਰ ਦੁਪਹਿਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉੱਥੇ ਹੀ ਹੁਣ ਇਸ ਹੱਤਿਆ ਦੀ ਜਿੰਮੇਵਾਰੀ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਹੈ। ਉਸ ਨੇ ਇੰਟਰਨੈਟ ਮੀਡੀਆ ’ਤੇ ਪੋਸਟ ਪਾਈ ਹੈ।
ਪੋਸਟ ’ਚ ਲਿਖਿਆ ਹੈ ਕਿ ਗੁਰਜੰਟ ਪੁਲਿਸ ਨਾਲ ਮਿਲ ਗਿਆ ਸੀ, ਉਸ ਨੇ ਮੇਰੇ ਭਰਾ ਅਰਸਦੀਪ ਭੱਟੀ ਦੀ ਜਿੰਦਗੀ ਖਰਾਬ ਕੀਤੀ ਹੈ। ਉਸ ਨੇ (ਗੁਰਜੰਟ) ਪੁਲਿਸ ਫੋਰਸ ਜੁਆਇੰਨ ਕੀਤੀ ਹੋਈ ਸੀ। ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ ਪਰ ਕਿਸੇ ਦੋਸਤ ਦੇ ਕਹਿਣ ’ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ, ਪਰ ਗੁਰਜੰਟ ਸਿੰਘ ਪੁਲਿਸ ਦਾ ਦਲਾਲ ਬਣ ਗਿਆ ਸੀ। ਅਸੀਂ ਕਿਸੇ ਵੀ ਦਲਾਲ ਨੂੰ ਨਹੀਂ ਬਖਸਾਂਗੇ।
ਗੁਰਜੰਟ ਦਾ ਜੋ ਕੰਮ (ਹੱਤਿਆ) ਕੀਤਾ ਹੈ ਉਹ ਸ਼ਰੇਆਮ ਕੀਤਾ ਹੈ। ਪੁਲਿਸ ਆਪਣੀ ਕਾਰਵਾਈ ਕਰੇ। ਜੇਕਰ ਪੁਲਿਸ ਸਾਡੇ ਘਰਾਂ ’ਚ ਜਾ ਕੇ ਕਿਸੇ ਨੂੰ ਤੰਗ ਕਰਦੀ ਹੈ ਤਾਂ ਆਉਣ ਵਾਲੇ ਸਮੇਂ ’ਚ ਪੁਲਿਸ ਵਾਲਿਆਂ ਦੇ ਘਰ ਜਾਵਾਂਗੇ।
ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਸਾਡੇ 35-40 ਨੌਜਵਾਨਾਂ ਨੂੰ ਦਲਾਲਾਂ ਦੀ ਸਹਿ ’ਤੇ ਜੇਲ੍ਹਾਂ ’ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ।