ਅਜਨਾਲਾ ਹਲਕੇ ਦੀਆਂ ਸੜਕਾਂ, ਸਕੂਲ ਤੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਕੀਤੀ ਜਾਵੇਗੀ ਕਾਇਆ ਕਲਪ-ਧਾਲੀਵਾਲ
-ਸੜਕਾਂ ਤੇ ਸਕੂਲਾਂ ਲਈ ਕਰੋੜਾਂ ਰੁਪਏ ਦੇ ਕੰਮਾਂ ਦੀ ਕੀਤੀ ਸ਼ੁਰੂਆਤ
ਅਜਨਾਲਾ, 20 ਮਈ (ਗੁਰਮੀਤ ਸਿੰਘ ਰਾਜਾ )-ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿਚ ਤਿੰਨ ਮੁੱਖ ਸੜਕਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਅਜਨਾਲਾ ਇਲਾਕੇ ਦੇ ਵਾਸੀ, ਜੋ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਟੁੱਟੀਆਂ ਸੜਕਾਂ ਦਾ ਘੱਟਾ ਫੱਕ ਰਹੇ ਸਨ, ਨੂੰ ਛੇਤੀ ਹੀ ਇਲਾਕੇ ਦੀਆਂ ਸਾਰੀਆਂ ਪੇਂਡੂ ਤੇ ਸ਼ਹਿਰੀ ਸੜਕਾਂ ਨਵੀਆਂ ਮਿਲਣਗੀਆਂ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਜਨਾਲਾ ਇਲਾਕੇ ਦੇ ਉਹ ਸਕੂਲ ਜਿੰਨਾ ਦੀਆਂ ਇਮਾਰਤਾਂ ਬਹੁਤ ਖਸਤਾ ਹਾਲਤ ਹਨ, ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ, ਜਿਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਅੱਜ ਅਜਨਾਲਾ ਤੋਂ ਚੋਗਾਵਾਂ, ਸੁਧਾਰ ਗੁਰੂ ਘਰ ਵਾਲੀ ਜੌਹਲਾਂ ਤੱਕ ਜਾਂਦੀ ਸੜਕ ਅਤੇ ਚੇਤਨਪੁਰਾ ਤੋਂ ਲਸ਼ਕਰੀ ਨੰਗਲ ਤੇ ਮਾਛੀਨੰਗਲ ਨੂੰ ਮਿਲਦੀਆਂ ਸੜਕਾਂ ਦੀ ਸ਼ੁਰੂਆਤ ਕਰਦੇ ਸ. ਧਾਲੀਵਾਲ ਨੇ ਕਿਹਾ ਕਿ ਇਨਾਂ ਤੋਂ ਇਲਾਵਾ ਜੋ ਬਾਕੀ ਸੜਕਾਂ ਹਨ, ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਜੂਨ ਮਹੀਨੇ ਵਿਚ ਉਨਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਇੰਨਾ ਵਿਚੋਂ ਬਹੁਤੀਆਂ ਸੜਕਾਂ ਉਹ ਹਨ, ਜੋ ਕਿ 25-30 ਸਾਲ ਤੋਂ ਟੁੱਟੀਆਂ ਹਨ ਅਤੇ ਕਿਸੇ ਵੀ ਸਰਕਾਰ ਨੇ ਇੰਨਾ ਦੀ ਸਾਰ ਨਹੀਂ ਸੀ ਲਈ।
ਸ. ਧਾਲੀਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਸਰਹੱਦੀ ਇਲਾਕੇ ਦੇ ਸਕੂਲਾਂ ਲਈ ਮੁੱਖ ਮੰਤਰੀ ਸ. ਮਾਨ ਨੇ ਵਿਸ਼ੇਸ਼ ਗਰਾਂਟ ਦਾ ਗੱਫਾ ਦਿੱਤਾ ਹੈ, ਜਿਸਦੇ ਸਿੱਟੇ ਵਜੋਂ ਬੱਲੜਵਾਲ ਦੇ ਸਰਕਾਰੀ ਸੀਨੀ ਸਕੂਲ ਲਈ ਇਖ ਕਰੋੜ ਰੁਪਏ ਅਤੇ ਸਾਰੰਗਦੇਵ, ਡੱਲਾ ਤੇ ਤੇੜਾ ਰਾਜਪੂਤਾਂ ਸਕੂਲ ਲਈ 40-40 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਲਕੇ ਦੇ 15 ਅਜਿਹੇ ਸਕੂਲਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੰਨਾ ਦੀਆਂ ਇਮਾਰਤਾਂ ਖਸਤਾ ਹਾਲ ਵਿਚ ਹਨ, ਨੂੰ ਵੀ ਛੇਤੀ ਹੀ ਗਰਾਂਟ ਜਾਰੀ ਕਰ ਦਿੱਤੀ ਜਾਵੇਗੀ, ਜਿਸ ਨਾਲ ਇਨਾ ਸਕੂਲਾਂ ਦੀ ਨੁਹਾਰ ਬਦਲ ਜਾਵੇਗੀ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਸਕੂਲਾਂ, ਹਸਪਤਾਲਾਂ, ਪਸ਼ੂ ਹਸਪਤਾਲਾਂ ਤੇ ਆਂਗਨਵਾੜੀ ਕੇਂਦਰਾਂ ਵਿਚ ਵੱਡੇ ਸੁਧਾਰ ਕਰਨ ਦੀ ਹੈ, ਜਿਸ ਨੂੰ ਅਮਲੀ ਜਾਮਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਸ. ਬਲਦੇਵ ਸਿੰਘ ਮਿਆਦੀਆਂ, ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਸ੍ਰੀ ਰਾਜੀਵ ਮੈਦਨ, ਸ. ਚਰਨਜੀਤ ਸਿੰਘ ਸਿੱਧੂ, ਸ. ਗਰਜੰਟ ਸਿੰਘ ਸੋਹੀ, ਸ. ਬਲਦੇਵ ਸਿੰਘ ਬੱਬੂ ਚੇਤਨਪੁਰਾ, ਖੇਤੀਬਾੜੀ ਅਧਿਕਾਰੀ ਸ. ਜਤਿੰਦਰ ਸਿੰਘ ਗਿੱਲ, ਸ. ਪ੍ਰਭਦੀਪ ਸਿੰਘ ਚੇਤਨਪੁਰਾ ਅਤੇ ਹੋਰ ਮੋਹਤਬਰ ਵੀ ਨਾਲ ਸਨ।
ਕੈਪਸ਼ਨ
ਅਜਨਾਲਾ ਹਲਕੇ ਦੀਆਂ ਸੜਕਾਂ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ। ਨਾਲ ਹਨ ਚੇਅਰਮੈਨ ਸ. ਬਲਦੇਵ ਸਿੰਘ ਮਿਆਦੀਆਂ ਤੇ ਹੋਰ।