ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਟੀ-20 ’ਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
ਸਿਲਹਟ, 8 ਅਕਤੂਬਰ : ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਨੂੰ ਸ਼ੁੱਕਰਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਮੈਚ ’ਚ ਪਾਕਿਸਤਾਨ ਹੱਥੋਂ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਪਾਕਿਸਤਾਨ ਨੇ ਧੁਰ ਵਿਰੋਧੀ ਭਾਰਤ ’ਤੇ 6 ਵਰ੍ਹਿਆਂ ’ਚ ਪਹਿਲੀ ਜਿੱਤ ਹਾਸਲ ਕੀਤੀ।
ਇਸ ਮੈਚ ਤੋਂ ਪਹਿਲਾਂ ਭਾਰਤ ਦਾ ਪਾਕਿਸਤਾਨ ’ਤੇ ਜਿੱਤ ਦਾ ਰਿਕਾਰਡ 10-2 (ਜਿੱਤ-ਹਾਰ) ਸੀ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਭਾਰਤ ’ਤੇ ਜਿੱਤ 2016 ’ਚ ਦਿੱਲੀ ’ਚ ਟੀ-20 ਵਿਸ਼ਵ ਕੱਪ ਦੌਰਾਨ ਹਾਸਲ ਕੀਤੀ ਸੀ। ਹੁਣ ਭਾਰਤੀ ਟੀਮ ਪਾਕਿਸਤਾਨ ਹੱਥੋਂ ਮਿਲੀ ਹਾਰ ਨੂੰ ਭੁਲਾਉਣਾ ਚਾਾਹੇਗੀ ਅਤੇ ਸ਼ਨਿਚਰਵਾਰ ਨੂੰ ਉਸ ਦਾ ਸਾਹਮਣਾ ਪਿਛਲੀ ਵਾਰ ਦੀ ਜੇਤੂ ਟੀਮ ਬੰਗਲਾਦੇਸ਼ ਨਾਲ ਹੋਵੇਗਾ।
ਏਸ਼ੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ’ਚ ਸ਼ਾਮਲ ਭਾਰਤ ਦਾ ਬੱਲੇਬਾਜ਼ੀ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜਿਸ ਨਾਲ ਪੂਰੀ ਟੀਮ ਪਾਕਿਸਤਾਨ ਵੱਲੋਂ ਬਣਾਈਆਂ ਗਈਆਂ 137 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ 19.4 ਓਵਰਾਂ ’ਚ ਸਿਰਫ਼ 124 ਦੌੜਾਂ ’ਤੇ ਸਿਮਟ ਗਈ। ਪਾਕਿਸਤਾਨ ਲਈ ਸ਼ਾਨਦਾਰ ਵਾਪਸੀ ਰਹੀ ਜਿਸ ਨੂੰ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਥਾਈਲੈਂਡ ਹੱਥੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਦੀ ਅੱਧੀ ਟੀਮ 65 ਦੌੜਾਂ ਦੇ ਸਕੋਰ ’ਤੇ ਪਵੇਲੀਅਨ ਮੁੜ ਚੁੱਕੀ ਸੀ, ਉਸ ਨੂੰ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ’ਚ ਸਟਾਰ ਖਿਡਾਰੀ ਸਮਿ੍ਰਤੀ ਮੰਧਾਨਾ (19 ਗੇਂਦਾਂ ’ਚ 17 ਦੌੜਾਂ) ਸਮੇਤ ਜ਼ਿਆਦਾ ਖਿਡਾਰੀਆਂ ਨੇ ਆਪਣੀ ਵਿਕਟ ਆਸਾਨੀ ਨਾਲ ਗੁਆ ਦਿੱਤੀ। ਪੂਜਾ ਵਸਤ੍ਰਾਕਰ ਖ਼ਰਾਬ ਫੀਲਡਿੰਗ ’ਤੇ ਇਕ ਦੌੜ ਚੋਰੀ ਕਰਨ ਦੀ ਕੋਸ਼ਿਸ਼ ’ਚ ਰਨ ਆਊਟ ਹੋ ਗਈ ਜਦਕਿ ਦਿਆਲਨ ਹੇਮਲਤਾ (22 ਗੇਂਦਾਂ ’ਚ 20 ਦੌੜਾਂ) ਨੇ ਚੰਗੀ ਸ਼ੁਰੂਆਤ ਦਾ ਫ਼ਾਇਦਾ ਨਾ ਉਠਾ ਕੇ ਆਪਣੀ ਟੀਮ ਨੂੰ ਨਿਰਾਸ਼ ਕੀਤਾ।
ਹਰਮਨਪ੍ਰਰੀਤ ਕੌਰ ਦੀ ਫਿਟਨੈਸ ’ਤੇ ਵੀ ਸਵਾਲ ਉੱਠੇ ਕਿਉਂਕਿ ਉਹ 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੀ ਅਤੇ ਸਸਤੇ ਵਿਚ ਆਊਟ ਹੋ ਗਈ। ਭਾਰਤ ਨੂੰ ਆਖ਼ਰੀ 6 ਓਵਰਾਂ ’ਚ 61 ਦੌੜਾਂ ਦੀ ਲੋੜ ਸੀ। ਰਿਚਾ ਘੋਸ਼ (13 ਗੇਂਦਾਂ ’ਚ 26 ਦੌੜਾਂ) ਨੇ ਸਪਿੰਨਰਾਂ ਖ਼ਿਲਾਫ਼ ਤਿੰਨ ਛੱਕੇ ਲਗਾ ਕੇ ਭਾਰਤੀ ਟੀਮ ਨੂੰ ਮੈਚ ’ਚ ਵਾਪਸੀ ਦਿਵਾਈ ਪਰ ਉਹ 19ਵੇਂ ਓਵਰ ’ਚ ਡੀਪ ਵਿਚ ਕੈਚ ਆਊਟ ਹੋ ਗਈ। ਉਨ੍ਹਾਂ ਦੇ ਆਊਟ ਹੋਣ ਨਾਲ ਭਾਰਤੀ ਉਮੀਦਾਂ ਵੀ ਖ਼ਤਮ ਹੋ ਗਈਆਂ। ਇਸ ਤੋਂ ਪਹਿਲਾਂ ਪਾਕਿਸਤਾਨੀ ਬੱਲੇਬਾਜ਼ਾਂ ਦਾ ਧੁਰ ਵਿਰੋਧੀ ਭਾਰਤ ਖ਼ਿਲਾਫ ਬਿਹਤਰ ਪ੍ਰਦਰਸ਼ਨ ਰਿਹਾ। ਉਸ ਨੇ ਨਿਦਾ ਦਾਰ ਦੇ ਅਜੇਤੂ ਅਰਧ ਸੈਂਕੜੇ ਨਾਲ 6 ਵਿਕਟਾਂ ’ਤੇ 137 ਦੌੜਾਂ ਬਣਾਈਆਂ।