Home » ਪੰਜਾਬ ਦੇ ਦੁਖਾਂਤ ਤੇ ਯਥਾਰਥ ਨੂੰ ਪੇਸ਼ ਕਰਦੀ ਹੈ ਛੋਟੀ ਫਿਲਮ “ਦਬਦਬਾ” ਦੀ ਕਹਾਣੀ

ਪੰਜਾਬ ਦੇ ਦੁਖਾਂਤ ਤੇ ਯਥਾਰਥ ਨੂੰ ਪੇਸ਼ ਕਰਦੀ ਹੈ ਛੋਟੀ ਫਿਲਮ “ਦਬਦਬਾ” ਦੀ ਕਹਾਣੀ

by Rakha Prabh
22 views
ਅੰਮ੍ਰਿਤਸਰ( ਰਣਜੀਤ ਸਿੰਘ ਮਸੌਣ) ਹੈਪੀ-ਹੈਪੀ ਇੰਟਰਟੇਨਮੈਂਟ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਤਰਸੇਮ ਬਸ਼ਰ ਦੀ ਚਰਚਿਤ ਕਹਾਣੀ “ਦਬਦਬਾ” ‘ਤੇ ਛੋਟੀ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਪੰਜਾਬੀ ਦਰਸ਼ਕ ਕੁੱਝ ਨਵਾਂ ਤੇ ਅਰਥ ਭਰਪੂਰ ਸਿਨੇਮਾ ਚਾਹੁੰਦੇ ਹਨ, ਕਿਉਂਕਿ ਇੱਕੋਂ ਕਿਸਮ ਦੀਆਂ ਕਮੇਡੀ ਫਿਲਮਾਂ ਬਹੁਤ ਬਣ ਗਈਆਂ ਹਨ, ਜਿਨਾਂ ਤੋਂ ਲੋਕ ਉਕਤਾਅ ਗਏ ਹਨ। ਇਸੇ ਲਈ ਗੁਰ ਰੰਧਾਵਾ ਨੇ ਕੁੱਝ ਸਾਹਿਤਕ ਕਹਾਣੀਆਂ ‘ਤੇ ਫਿਲਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਦਬਦਬਾ ਇੱਕ ਮਹੱਤਵਪੂਰਨ ਕਹਾਣੀ ਹੈ, ਜੋ ਪੰਜਾਬ ਦੇ ਦੁਖਾਂਤ ਨੂੰ ਨਿਵੇਕਲੇ ਅਤੇ ਨਵੇਂ ਅਰਥਾਂ ਵਿੱਚ ਪੇਸ਼ ਕਰਦੀ ਹੈ। ਇਸਦੇ ਪਾਤਰ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਵੀ ਪੰਜਾਬ ਦੀ ਖੈਰੀਅਤ ਮੰਗਦੇ ਹਨ ।
    ਇਸ ਫ਼ਿਲਮ ਦੀ ਸ਼ੂਟਿੰਗ ਲੱਗਭੱਗ ਮੁਕੰਮਲ ਹੋ ਚੁੱਕੀ ਹੈ । ਕਹਾਣੀ ਤਰਸੇਮ ਬਸ਼ਰ ਦੀ ਹੈ ਅਤੇ ਇਸਦੀ ਪਟਕਥਾ ਰਮੇਸ਼ ਰਾਮਪੁਰਾ ਵੱਲੋਂ ਲਿਖੀ ਗਈ ਹੈ । ਰਾਮਪੁਰਾ ਅਨੁਸਾਰ ਇਹ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ ਜੋ ਖਾੜਕੂਵਾਦ ਵੇਲੇ ਯੂ.ਪੀ.ਹਿਜਰਤ ਕਰ ਜਾਂਦਾ ਹੈ, ਪਰ ਉੱਥੇ ਵੀ ਉਨ੍ਹਾਂ ਦੀ ਜਿੰਦਗੀ ਆਸਾਨ ਨਹੀਂ ਹੁੰਦੀ, ਕਿਉਂਕਿ ਉੱਥੋਂ ਦੇ ਲੋਕ ਇਨ੍ਹਾਂ ਨੂੰ ਬਰਾਬਰੀ ਦੇਣ ਲਈ ਤਿਆਰ ਨਹੀਂ । ਕਹਾਣੀ ਵਿੱਚ ਬੜੀ ਸੂਖ਼ਮਤਾ ਅਤੇ ਸੰਕੇਤਕ ਰੂਪ ਵਿੱਚ ਪਛਾਣ ਦੇ ਇਸ ਸੰਕਟ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ।
  ਤਰਸੇਮ ਬਸ਼ਰ ਅਨੁਸਾਰ ਅੱਜ ਪੰਜਾਬੀ ਦਰਸ਼ਕ ਮਨੋਰੰਜਨ ਹੀ ਨਹੀਂ ਸਗੋਂ ਪੰਜਾਬ ਦੇ ਸੰਤਾਪ, ਉਸਦੇ ਯਥਾਰਥ ਬਾਰੇ ਵੀ ਜਾਣਨਾ ਚਾਹੁੰਦਾ ਹੈ, ਉਸਨੂੰ ਪੰਜਾਬ ਦੀ ਚਿੰਤਾ ਹੈ । ਉਹ ਹੁਣ ਅਰਥ ਭਰਪੂਰ ਸਿਨੇਮਾ ਨੂੰ ਹੁੰਗਾਰਾ ਦਿੰਦਾ ਹੈ। ਹੈਪੀ ਹੈਪੀ ਇੰਟਰਟੇਨਮੈਂਟ ਚੈਨਲ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ । ਦਬਦਬਾ ਵਿੱਚ ਪੰਜਾਬ ਦੇ ਦੁਖਾਂਤ ਦੇ ਉਹ ਪੰਨੇ ਦਰਜ ਹਨ, ਜਿਨਾਂ ਤੇ ਬਹੁਤ ਘੱਟ ਚਰਚਾ ਹੋਈ ਹੈ। ਇਹ ਪੰਜਾਬੀ ਰਹਿਤਲ ਤੇ ਕਿਰਦਾਰ ਦੀ ਕਹਾਣੀ ਹੈ। ਫ਼ਿਲਮ ਦੀ ਕਹਾਣੀ ਨਿਵੇਕਲੀ, ਬਹੁਤ ਦਿਲਚਸਪ ਤੇ ਅਰਥ ਭਰਪੂਰ ਹੈ। ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸੌਟੀ ਤੇ ਖਰੀ ਉਤਰੇਗੀ । ਇਸ ਫਿਲਮ ਵਿੱਚ ਗੁਰ ਰੰਧਾਵਾ, ਰਮੇਸ਼ ਰਾਮਪੁਰਾ, ਧਰਵਿੰਦਰ ਔਲਖ, ਗੁਲਸ਼ਨ ਸੱਗੀ, ਸ਼ਾਰਪ ਰੰਧਾਵਾ, ਨਾਢੂ ਰਜਿੰਦਰ, ਸਨਾ ਖਾਨ, ਕੇਸ਼ਵ ਕੋਹਲੀ, ਰਿਸ਼ਭ ਸ਼ਰਮਾ, ਵਜੀਰ ਸਿੰਘ ਮੂਦਲ, ਦਾਨਿਸ਼ ਸ਼ਰਮਾ, ਅਮਰੀਕ ਰੰਧਾਵਾ, ਮਨਜੀਤ ਕੌਰ, ਜਸਪਾਲ ਪਾਇਲਟ, ਗੁਰਜੋਧ ਗਿੱਲ, ਪਰਵਿੰਦਰ ਗੋਲਡੀ, ਰੰਜਨਾ ਨਈਅਰ, ਜਸਬੀਰ ਚੰਗਿਆੜਾ, ਬਲਦੇਵ ਰਾਜ ਸ਼ਰਮਾ, ਦਰਬਾਰਾ ਸਿੰਘ ਮੱਟੂ, ਸੁਖਵਿੰਦਰ ਕੌਰ, ਬਲਦੇਵ ਰਾਜ ਸ਼ਰਮਾ, ਸ਼ਮਸ਼ੀਲ ਸਿੰਘ ਸੋਢੀ, ਅਜੀਤ ਨਬੀਪੁਰੀ, ਸ਼ੁਕਰਾਤ ਕਾਲੜਾ, ਅਜੇ ਸ਼ਰਮਾ, ਜੋਤ ਗਿੱਲ ਆਦਿ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੇ ਡੀ.ਓ.ਪੀ.ਸ਼ਾਰਪ ਰੰਧਾਵਾ ਤੇ ਹੈੱਡ ਪਰੋਡੈਕਸ਼ਨ ਕੰਟਰੌਲਰ ਨਾਡੂ ਰਜਿੰਦਰ ਹਨ ।

Related Articles

Leave a Comment