ਵੱਡੀ ਖ਼ਬਰ : ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਛਾਪੇਮਾਰੀ, 2 ਪਿਸਤੌਲ ਅਤੇ ਲੱਖਾਂ ਰੁਪਏ ਬਰਾਮਦ
ਅੰਮ੍ਰਿਤਸਰ, 11 ਅਕਤੂਬਰ : ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਬੀਤੀ ਸ਼ਾਮ ਤਰਨਤਾਰਨ ਦੇ ਪਿੰਡ ਭਰੋਵਾਲ ’ਚ ਛਾਪਾ ਮਾਰ ਕੇ 5 ਤਸਕਰਾਂ ’ਚੋਂ ਇਕ ਨੂੰ ਕਾਬੂ ਕਰਕੇ 2 ਪਿਸਤੌਲ ਅਤੇ 8 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਹ ਛਾਪਾ ਪੁਲਿਸ ਵੱਲੋਂ ਸੁਰਿੰਦਰ ਸਿੰਘ ਦੇ ਘਰ ’ਤੇ ਮਾਰਿਆ ਗਿਆ। ਇਕ ਲਿਫ਼ਾਫ਼ੇ ’ਚ ਛੁਪਾ ਕੇ ਰੱਖੇ ਪਿਸਤੌਲ ਅਤੇ ਪੈਸੇ ਮੁਲਜ਼ਮਾਂ ਵੱਲੋਂ ਕਿਸੇ ਹੋਰ ਤਸਕਰ ਨੂੰ ਸੌਂਪੇ ਜਾਣੇ ਸਨ।
ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਜਸਕਰਨ ਸਿੰਘ, ਰਤਨਬੀਰ ਸਿੰਘ, ਗੁਰਸਾਹਿਬ ਸਿੰਘ ਉਸ ਦਾ ਭਰਾ ਹਰਚੰਦ ਸਿੰਘ, ਸੁਰਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ ਤਰਨਤਾਰਨ ਦੀਆਂ ਇਕ ਦਰਜਨ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਕਿਸੇ ਹੋਰ ਥਾਂ ’ਤੇ ਛੁਪਾ ਕੇ ਰੱਖੀ ਹੋਈ ਹੈ। ਵਰਨਣਯੋਗ ਹੈ ਕਿ ਸੀਆਈ ਨੇ ਮੁਲਜ਼ਮਾਂ ਕੋਲੋਂ 27 ਪਿਸਤੌਲ, ਮੈਗਜ਼ੀਨ, ਇਕ ਐੱਮਪੀ-4 ਰਾਈਫ਼ਲ, 6 ਮੈਗਜ਼ੀਨ, ਕੁੱਲ 700 ਕਾਰਤੂਸ, ਇਕ ਕਰੋੜ ਦੀ ਭਾਰਤੀ ਕਰੰਸੀ, 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਦੇ ਕਬਜ਼ੇ ’ਚੋਂ ਮਿਲੇ ਪੰਜ ਮੋਬਾਈਲਾਂ ਨੇ ਕਈ ਭੇਤ ਖੋਲ੍ਹੇ ਹਨ। ਇਸ ਦੇ ਲਈ ਪੁਲਿਸ ਆਪਣੀ ਸਾਈਬਰ ਬ੍ਰਾਂਚ ਦੀ ਮਦਦ ਵੀ ਲੈ ਰਹੀ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜਮਾਂ ਨੇ ਆਪਣੇ ਵ੍ਹਟਸਐਪ ਤੋਂ ਕੁਝ ਡਾਟਾ ਵੀ ਡਿਲੀਟ ਕਰ ਦਿੱਤਾ ਹੈ। ਪੁਲਿਸ ਉਸ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਜਸਕਰਨ ਸਿੰਘ ਸਬ ਜੇਲ੍ਹ ਗੋਇੰਦਵਾਲ ’ਚ ਰਹਿੰਦਿਆਂ ਪਾਕਿਸਤਾਨੀ ਸਮੱਗਲਰਾਂ ਨਾਲ ਕੀ ਗੱਲ ਕਰ ਰਿਹਾ ਸੀ। ਦੱਸ ਦੇਈਏ ਕਿ ਜਸਕਰਨ ਸਿੰਘ ਜੇਲ੍ਹ ’ਚ ਰਹਿੰਦਿਆਂ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਜਿਸ ਨੂੰ ਬਾਅਦ ’ਚ ਪੁਲਿਸ ਨੇ ਉਸ ਦੀ ਬੈਰਕ ’ਚੋਂ ਤਲਾਸ਼ੀ ਦੌਰਾਨ ਬਰਾਮਦ ਕਰ ਲਿਆ।