ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀ ਦੁਸਮਣੀ ਵਾਲੀ ਰਾਜਨੀਤੀ ਅਤੇ ਝੂਠੇ ਮਾਮਲੇ ਦਰਜ ਕਰਨ ਦੀ ਕੀਤੀ ਨਿਖੇਧੀ
ਚੰਡੀਗੜ੍ਹ, 7 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਦੁਸਮਣੀ ਦੀ ਰਾਜਨੀਤੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਲੜਾਈ ਦਾ ਜਵਾਬ ਲੋਕਾਂ ਦੀ ਕਚਹਿਰੀ ’ਚ ਦੇਵੇਗੀ।
ਉਨ੍ਹਾਂ ਠੇਕੇਦਾਰ ਤੋਂ ਪੈਸੇ ਵਸੂਲਣ ਦੀ ਸਾਜਿਸ ਰਚਣ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਦਿੱਤੀ ਜਾ ਰਹੀ ਸ਼ਹਿ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸਨ ਦਾ ਐਲਾਨ ਵੀ ਕੀਤਾ।
ਉਨ੍ਹਾਂ ‘ਆਪ’ ਸਰਕਾਰ ਨੂੰ ਕਿਹਾ ਕਿ ਬਹੁਤ ਹੋ ਗਿਆ। ਅਸੀਂ ਬਿਨਾਂ ਕਿਸੇ ਸਬੂਤ ਦੇ ਤੁਹਾਡੇ ਦੁਆਰਾ ਚੁਣ ਚੁਣ ਕੇ ਲੋਕਾਂ ਨੂੰ ਪਰੇਸਾਨ ਕਰਨ ਅਤੇ ਡਰਾਉਣ ਦੀ ਹੋਰ ਇਜਾਜਤ ਨਹੀਂ ਦੇ ਸਕਦੇ।
ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੱਕ ਪਾਸੇ ‘ਆਪ’ ਨੇ ਆਪਣੇ ਦੋ ਮੰਤਰੀਆਂ ਵਿਜੇ ਸਿੰਗਲਾ ਅਤੇ ਫੌਜਾ ਸਿੰਘ ਸਰਾਰੀ ਨੂੰ ਖੁੱਲ੍ਹੇਆਮ ਘੁੰਮਣ ਦੀ ਇਜਾਜਤ ਦੇ ਦਿੱਤੀ ਹੈ। ਸਿੰਗਲਾ ਦੇ ਸਬੰਧ ’ਚ ਤੁਸੀਂ ਡਰਾਮਾ ਕੀਤਾ ਅਤੇ ਬਾਅਦ ’ਚ ਅਦਾਲਤ ’ਚ ਮਾਮਲੇ ਨੂੰ ਚੰਗੀ ਤਰ੍ਹਾਂ ਪੇਸ ਨਹੀਂ ਕੀਤਾ, ਜੋ ਕਿ ਵੱਡੇ-ਵੱਡੇ ਦਾਅਵਿਆਂ ਦੇ ਉਲਟ ਜਾਂ ਤਾਂ ਇਨ੍ਹਾਂ ਕੋਲ ਸਬੂਤ ਨਹੀਂ ਹਨ ਜਾਂ ਉਸਨੂੰ ਬਚਾਉਣ ਲਈ ਅਦਾਲਤ ਤੋਂ ਸਬੂਤ ਛੁਪਾਏ ਗਏ ਹਨ।
ਇਸੇ ਤਰ੍ਹਾਂ ਸਰਾਰੀ ਖਿਲਾਫ ਵੀ ਸਪੱਸਟ ਤੌਰ ’ਤੇ ਖੁੱਲ੍ਹਾ ਕੇਸ ਹੈ, ਜਿਸ ਦੇ ਆਪਣੇ ਓਐਸਡੀ ਨੇ ਆਡੀਓ ਰਿਕਾਰਡਿੰਗ ਸਹੀ ਹੋਣ ਦੀ ਗੱਲ ਮੰਨੀ ਹੈ। ਉਸ ਵਿਰੁੱਧ ਕੋਈ ਕਾਰਵਾਈ ਕਰਨੀ ਤਾਂ ਦੂਰ, ਤੁਸੀਂ ਜਾਂਚ ਵੀ ਸ਼ੁਰੂ ਨਹੀਂ ਕੀਤੀ।
ਉਥੇ ਹੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸਣ ਆਸੂ ਅਤੇ ਹੁਣ ਕੈਪਟਨ ਸੰਦੀਪ ਸੰਧੂ ਵਰਗੇ ਕਾਂਗਰਸੀ ਨੇਤਾਵਾਂ ’ਤੇ ਮਾਮਲੇ ਦਰਜ ਕਰਨ ’ਤੇ ਵੜਿੰਗ ਨੇ ਕਿਹਾ ਕਿ ਸਿਰਫ ਇਸ ਲਈ ਕਿ ਕਿਸੇ ਨੇ ਦੋਸ਼ ਲਗਾਇਆ ਕਿ ਉਸ ਨੇ ਕਿਸੇ ਨੂੰ ਪੈਸੇ ਦਿੱਤੇ ਜਾਂ ਕੋਈ ਕੰਮ ਕਰਨ ਲਈ ਉਸ ਨੂੰ ਕਿਹਾ ਗਿਆ, ਤੁਸੀਂ ਮਾਮਲਾ ਦਰਜ ਕਰਕੇ ਇਕ ਸਾਬਕਾ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਵੱਡੀ ਗਿਣਤੀ ’ਚ ਕਾਂਗਰਸੀ ਸਰਪੰਚਾਂ ਅਤੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਦੁਸ਼ਮਣੀ ਦੀ ਰਾਜਨੀਤੀ ਤਹਿਤ ਤੰਗ ਪ੍ਰੇਸਾਨ ਕੀਤਾ ਗਿਆ ਹੈ। ਇਹ ਤਾਨਾਸਾਹੀ ਅਤੇ ਅਸਵੀਕਾਰਨਯੋਗ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ‘ਆਪ’ ਇੱਕ ਖਤਰਨਾਕ ਵਰਤਾਰਾ ਪੈਦਾ ਕਰ ਰਹੀ ਹੈ ਅਤੇ ਜੇਕਰ ਇਸ ਨੂੰ ਇੱਥੇ ਹੁਣ ਨਾ ਰੋਕਿਆ ਗਿਆ ਤਾਂ ਇਸ ਦਾ ਕੋਈ ਅੰਤ ਨਹੀਂ ਹੋਵੇਗਾ। ਤੁਸੀਂ ਸਦਾ ਲਈ ਸੱਤਾ ’ਚ ਨਹੀਂ ਰਹਿਣ ਵਾਲੇ ਅਤੇ ਤੁਸੀਂ ਕਿਤੇ ਜਾਣ ਵਾਲੇ ਨਹੀਂ ਹੋ, ਤੁਹਾਨੂੰ ਇੱਥੇ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ‘ਆਪ’ ਸਰਕਾਰ ਦੇ ਹੁਕਮਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਿਮਾਗ ਦੀ ਵਰਤੋਂ ਕਰਨ ਅਤੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਵਿਰੋਧੀ ਹਦਾਇਤਾਂ ਦੀ ਅੰਨ੍ਹੇਵਾਹ ਪਾਲਣਾ ਨਾ ਕਰਨ। ਹੋ ਸਕਦਾ ਹੈ ਕਿ ਆਪ ਨੇ ਸਾਡੇ ਵਿਰੁੱਧ ਕੋਈ ਸਿਆਸੀ ਬਦਲਾਖੋਰੀ ਕਰਨੀ ਹੋਵੇ, ਪਰ ਤੁਸੀਂ ਇਸ ’ਚ ਧਿਰ ਕਿਉਂ ਬਣ ਰਹੇ ਹੋ।
ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂਆਂ ਖਿਲਾਫ ਦੁਸ਼ਮਣੀ ਅਤੇ ਧੱਕੇਸਾਹੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ। ਅਸੀਂ ਪ੍ਰਦਰਸ਼ਨਾਂ ਨੂੰ ਸੜਕਾਂ ’ਤੇ ਲੈ ਕੇ ਜਾਵਾਂਗੇ ਅਤੇ ਹੋਰ ਬਰਦਾਸਤ ਨਹੀਂ ਕਰਾਂਗੇ। ਉਨ੍ਹਾਂ ਸਰਕਾਰ ਤੋਂ ਦੁਸਮਣੀ ਦੀ ਰਾਜਨੀਤੀ ਤਹਿਤ ਦਰਜ ਕੀਤੇ ਝੂਠੇ ਕੇਸਾਂ ’ਚ ਸਬੂਤ ਪੇਸ਼ ਕਰਨ ਲਈ ਕਿਹਾ।
ਉਨ੍ਹਾਂ ‘ਆਪ’ ਸਰਕਾਰ ਨੂੰ ਕਿਹਾ ਕਿ ਸਾਵਧਾਨ ਰਹੋ, ਕਿਉਂਕਿ ਪੰਜਾਬ ਦੇ ਲੋਕ ਤੁਹਾਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਨੇ ਤੁਹਾਨੂੰ ਆਪਣੇ ਸਿਆਸੀ ਵਿਰੋਧੀਆਂ ਨਾਲ ਦੁਸਮਣੀ ਦੀ ਰਾਜਨੀਤੀ ਕਰਨ ਲਈ ਨਹੀਂ ਚੁਣਿਆ ਸੀ, ਲੋਕਾਂ ਨੇ ਤੁਹਾਨੂੰ ਸਾਸ਼ਨ ਚਲਾਉਣ ਲਈ ਚੁਣਿਆ ਹੈ, ਜਿਸ ਸਬੰਧ ’ਚ ਤੁਸੀਂ ਜਾਂ ਨਹੀਂ ਜਾਣਦੇ ਪ੍ਰਸ਼ਾਸਨ ਕਿਵੇਂ ਚਲਾਇਆ ਜਾਵੇ ਜਾਂ ਫਿਰ ਤੁਹਾਡੀ ਇਸ ਨੂੰ ਸਿੱਖਣ ਦੀ ਸੋਚ ਨਹੀਂ ਹੈ।