ਲੁਧਿਆਣਾ 1 ਅਕਤੂਬਰ ( ਅੰਜੂ ਸੂਦ) ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਮਾਤਾਵਾਂ ਵਿੱਚ ਆਪਸੀ ਸਹਿਯੋਗ, ਸਮਝਦਾਰੀ ਅਤੇ ਮਿਲਵਰਤਣ ਪੈਦਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਭਰ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਦੀਆਂ ਮਾਤਾਵਾਂ ਨੇ ਸ਼ਿਰਕਤ ਕੀਤੀ।ਜਿਸ ਦੇ ਸੰਦਰਭ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਅਤੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੀ ਟੀਮ ਵੱਲੋਂ ਵੱਖ ਵੱਖ ਸਕੂਲਾਂ , ਜਿਹਨਾਂ ਵਿੱਚ ਸ ਪ ਸਕੂਲ ਮੁੱਲਾਂਪੁਰ, ਸ ਪ ਸਕੂਲ ਤਲਵੰਡੀ ਕਲਾਂ, ਸ ਪ ਸਕੂਲ ਗੌਰਸੀਆ ਅਤੇ ਸ ਪ ਸਕੂਲ ਰਾਓਵਾਲ ਵਿਖੇ ਵਿਜਿਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦੁਆਰਾ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਵਿਚ ਆ ਰਹੀ ਪੜ੍ਹਨ ਸਮੱਗਰੀ ਬਾਰੇ ਅਤੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਤਾਂ ਮਿਲਦੀ ਹੀ ਹੈ ਨਾਲ ਹੀ ਆਉਣ ਵਾਲੇ ਸੈਸ਼ਨਾਂ ਵਿਚ ਦਾਖਲਿਆਂ ਦੀ ਗਿਣਤੀ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਮਾਤਾਵਾਂ ਨੂੰ ਬੱਚਿਆਂ ਦੀ ਮਾਨਸਿਕ, ਸਰੀਰਕ, ਬੌਧਿਕ,ਰਚਨਾਤਮਕ, ਭਾਸ਼ਾਈ ਅਤੇ ਭਾਵਨਾਤਮਕ ਵਿਕਾਸ ਵਿਚ ਸਹਾਈ ਘਰ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਅਤੇ ਢੁੱਕਵੀਆਂ ਗਤੀਵਿਧੀਆਂ ਵੀ ਕਰਵਾਉਣਾ ਆਦਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਰਿਹਾ। ਉਨ੍ਹਾਂ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨਾਲ ਬਿਹਤਰ ਰਿਸ਼ਤੇ ਬਣਾਉਣ ਲਈ ਪ੍ਰੇਰਿਆ ਤਾਂ ਜੋ ਬੱਚਿਆਂ ਦੀਆਂ ਮੁਸ਼ਕਲਾਂ ਦਾ ਸਾਰਥਕ ਹੱਲ ਲੱਭਿਆ ਜਾ ਸਕੇ।ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਅਧਿਆਪਕ ਅਤੇ ਅਹੁਦੇਦਾਰਾਂ ਦੀਆਂ ਕਾਰਗੁਜ਼ਾਰੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਹੀ ਅਧਿਕਾਰੀ ਬੜੇ ਹੀ ਮਿਹਨਤੀ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲੇ ਸੈਸ਼ਨ ਦੇ ਮੁਕਾਬਲੇ ਚਾਲੂ ਸੈਸ਼ਨ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਸੰਜੀਵ ਕੁਮਾਰ, ਸਹਾਇਕ ਕੋਆਰਡੀਨੇਟਰ ਮਨਮੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸੰਜੀਵ ਸ਼ਰਮਾ ਅਤੇ ਸਬੰਧਿਤ ਸਕੂਲਾਂ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।
ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਸਕੂਲਾਂ ‘ਚ ਆਯੋਜਤ ਕੀਤੀਆਂ ਗਈਆਂ ਸ਼ਾਨਦਾਰ ਮਦਰ ਵਰਕਸ਼ਾਪ
ਭਾਰੀ ਗਿਣਤੀ ਵਿਚ ਬੱਚਿਆਂ ਦੀਆਂ ਮਾਤਾਵਾਂ ਨੇ ਕੀਤੀ ਸ਼ਿਰਕਤ
previous post