ਸੰਗਰੂਰ, 1 ਜੂਨ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਹਾੜੇ ਮੌਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਟਾਟਾ ਮੈਮੋਰੀਅਲ ਯੂਨਿਟ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਤੰਬਾਕੂ ਕੰਟਰੋਲ ਕਲੀਨਿਕ (ਟੀਸੀਸੀ) ਦਾ ਉਦਘਾਟਨ ਕੀਤਾ, ਜਿੱਥੇ ਤੰਬਾਕੂ ਦਾ ਸੇਵਨ ਕਰਨ ਵਾਲੇ ਮਰੀਜ਼ਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਇਸ ਬੁਰੀ ਅਲਾਮਤ ਤੋਂ ਬਚਾਇਆ ਜਾ ਸਕੇਗਾ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਰੋਕਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 2 ਮਹੀਨਿਆਂ ਲਈ ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਤੰਬਾਕੂ ਦੀ ਵਰਤੋਂ ਰੋਕਣ ਤੇ ਇਨ੍ਹਾਂ ਨੂੰ ਤੰਬਾਕੂ ਮੁਕਤ ਐਲਾਨਣ ਲਈ ਸਿਹਤ ਭਲਾਈ ਕਮੇਟੀਆਂ ਬਣਾਈਆਂ ਜਾਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਨੂੰ ਵੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਸਿਵਲ ਹਸਪਤਾਲ ਸੰਗਰੂਰ ਦੇ ਅੰਦਰ ਜਲਦ ਹੀ ਸਪੈਸ਼ਲਿਸਟ ਡਾਕਟਰ, ਲੋੜੀਂਦਾ ਮੈਡੀਕਲ ਸਟਾਫ਼, ਦਵਾਈਆਂ ਅਤੇ ਸਾਰੇ ਟੈਸਟ ਉਪਲਬਧ ਕਰਵਾਏ ਜਾਣਗੇ। ਸੈਮੀਨਾਰ ਨੂੰ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਤੰਬਾਕੂ ਦੀ ਵਰਤੋਂ ਦੀ ਰੋਕਥਾਮ ਅਤੇ ਇਸ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਲਈ ਸਹੁੰ ਵੀ ਚੁਕਵਾਈ ਗਈ। ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਪ੍ਰੀਤ ਸਿੰਘ ਪੀਤੂ, ਡਾਇਰੈਕਟਰ ਹੋਮੀ ਭਾਬਾ ਕੈਂਸਰ ਹਸਪਤਾਲ ਪੰਜਾਬ ਡਾ. ਅਸ਼ੀਸ਼ ਗੁਲੀਆ ਆਦਿ ਹਾਜ਼ਰ ਸਨ।