Big News : ਸ਼ਹੀਦ ਭਗਤ ਸਿੰਘ ਏਅਰਪੋਰਟ ਨੇ ਕਈ ਉਡਾਣਾਂ ਦਾ ਬਦਲਿਆ ਸਮਾਂ, ਕਈ ਰੱਦ
ਚੰਡੀਗੜ੍ਹ, 30 ਸਤੰਬਰ : 8 ਅਕਤੂਬਰ 2022 ਨੂੰ ਹਵਾਈ ਸੈਨਾ ਦਿਵਸ ਮੌਕੇ ਸੁਖਨਾ ਝੀਲ ’ਚ ਏਅਰ ਸੋਅ ਕਰਵਾਇਆ ਜਾਵੇਗਾ। ਸੁਖਨਾ ਝੀਲ ਵਿਖੇ ਫਲਾਈਪਾਸਟ ਅਤੇ ਪਰੇਡ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਪਰੇਡ ’ਚ ਭਾਗ ਲੈਣ ਵਾਲੀਆਂ ਟੀਮਾਂ ਨੇ ਸੁਖਨਾ ਝੀਲ ’ਤੇ ਰਿਹਰਸਲ ਕੀਤੀ।
ਦੂਜੇ ਪਾਸੇ ਇਸ ਪ੍ਰੋਗਰਾਮ ਦੇ ਮੱਦੇਨਜਰ ਹਵਾਈ ਸੈਨਾ ਵੱਲੋਂ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਚੰਡੀਗੜ੍ਹ ਤੋਂ ਅਭਿਆਸ ਕੀਤਾ ਜਾ ਰਿਹਾ ਹੈ। ਇਸ ਕਾਰਨ ਏਅਰਪੋਰਟ ਮੈਨੇਜਮੈਂਟ ਨੇ ਫਲਾਈਟਾਂ ਦੇ ਸਡਿਊਲ ’ਚ ਬਦਲਾਅ ਕੀਤਾ ਹੈ। ਕੁਝ ਫਲਾਈਟਾਂ ਦਾ ਸਮਾਂ ਬਦਲਿਆ ਗਿਆ ਹੈ ਜਦਕਿ ਕੁਝ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈਟ ਸਡਿਊਲ’ਚ ਇਹ ਬਦਲਾਅ 30 ਸਤੰਬਰ ਤੋਂ 8 ਅਕਤੂਬਰ 2022 ਤੱਕ ਕੀਤਾ ਗਿਆ ਹੈ। ਇਸ ਲਈ ਹਵਾਈ ਅੱਡਾ ਪ੍ਰਬੰਧਕਾਂ ਨੇ ਹਵਾਈ ਯਾਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਉਡਾਣ ਫੜਨ ਤੋਂ ਪਹਿਲਾਂ ਇੱਕ ਵਾਰ ਆਪਣਾ ਸਮਾਂ ਅਤੇ ਸਮਾਂ-ਸਾਰਣੀ ਜਰੂਰ ਚੈੱਕ ਕਰ ਲੈਣ, ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਹਵਾਈ ਅੱਡਾ ਪ੍ਰਬੰਧਕਾਂ ਅਨੁਸਾਰ ਵਿਸਤਾਰਾ (ਯੂਕੇ 706) ਦੀ ਦਿੱਲੀ ਤੋਂ ਚੰਡੀਗੜ੍ਹ ਦੁਪਹਿਰ 2:05 ਵਜੇ, ਵਿਸਤਾਰਾ ਦੀ ਉਡਾਣ (ਯੂਕੇ 707) ਚੰਡੀਗੜ੍ਹ ਤੋਂ ਦਿੱਲੀ ਦੁਪਹਿਰ 2:40 ਵਜੇ, ਹੈਦਰਾਬਾਦ ਤੋਂ (ਯੂ.ਕੇ. 707) ਦੁਪਹਿਰ 2:40 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਤੋਂ ਹੈਦਰਾਬਾਦ ਦੀ ਉਡਾਣ (ਯੂਕੇ 659) ਦੁਪਹਿਰ 2:45 ਵਜੇ ਮੁੜ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਫਲਾਈਟਾਂ ਹਨ, ਜਿਨ੍ਹਾਂ ਦਾ ਸਮਾਂ-ਸਾਰਣੀ ਬਦਲਿਆ ਗਿਆ ਹੈ, ਇਨ੍ਹਾਂ ’ਚ ਦੁਪਹਿਰ 2:25 ਵਜੇ ਬੈਂਗਲੁਰੂ ਤੋਂ ਚੰਡੀਗੜ੍ਹ (ਯੂਕੇ 657) ਅਤੇ ਦੁਪਹਿਰ 3 ਵਜੇ ਚੰਡੀਗੜ੍ਹ ਤੋਂ ਬੰਗਲੁਰੂ (ਯੂਕੇ 658) ਲਈ ਉਡਾਣਾਂ ਸ਼ਾਮਲ ਹਨ।
ਏਅਰਫੋਰਸ ਮੈਨੇਜਮੈਂਟ ਦਾ ਕਹਿਣਾ ਹੈ ਕਿ 30 ਸਤੰਬਰ ਤੋਂ 8 ਅਕਤੂਬਰ 2022 ਤੱਕ ਸ਼ਹੀਦ ਭਗਤ ਸਿੰਘ ਇੰਟਰਨੈਸਨਲ ਏਅਰਪੋਰਟ ਚੰਡੀਗੜ੍ਹ ਤੋਂ ਸਵੇਰੇ 9 ਤੋਂ 10:30 ਵਜੇ ਤੱਕ ਅਤੇ ਬਾਅਦ ਦੁਪਹਿਰ 3 ਤੋਂ ਸ਼ਾਮ 5.30 ਵਜੇ ਤੱਕ ਕੋਈ ਵੀ ਫਲਾਈਟ ਟੇਕ ਆਫ ਨਹੀਂ ਕਰੇਗੀ। ਦੱਸ ਦੇਈਏ ਕਿ ਹਾਲ ਹੀ ’ਚ ਚੰਡੀਗੜ੍ਹ ਏਅਰਪੋਰਟ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।