ਜ਼ੀਰਾ, 15 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :– ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਦੀ ਨੌਵੀਂ ਜਮਾਤ ਦੀ ਹੋਣਹਾਰ ਖਿਡਾਰਨ ਕੋਮਲਪ੍ਰੀਤ ਕੌਰ ਨੇ ਨੋਇਡਾ ਵਿਖੇ ਕਰਵਾਈ ਚੌਥੀ ਸਬ-ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਰ ਵਰਗ 33 ਤੋਂ 35 ਕਿਲੋਗ੍ਰਾਮ ਵਿਚ ਬਰੌਂਜ਼ ਮੈਡਲ ਜਿੱਤ ਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਅਧਿਆਪਿਕਾ ਲਕਸ਼ਮੀ ਵਰਮਾ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਨੇ ਇਸ ਚੈਂਪੀਅਨਸ਼ਿਪ ਲਈ ਲਗਾਤਾਰ ਛੇ ਘੰਟੇ ਦੀ ਕਠਿਨ ਟ੍ਰੇਨਿੰਗ ਕੀਤੀ। ਇਹ ਉਸਦੀ ਨੈਸ਼ਨਲ ਗੇਮਾਂ ਵਿਚ ਪਹਿਲੀ ਹੀ ਭਾਗੀਦਾਰੀ ਸੀ, ਪਰ ਪਹਿਲੇ ਹੀ ਪ੍ਰਯਾਸ ਵਿਚ ਉਸਨੇ ਕਾਬਲੀਅਤ ਸਾਬਤ ਕਰ ਦਿੱਖਾਈ। ਇਸ ਤੋਂ ਪਹਿਲਾਂ, ਕੋਮਲਪ੍ਰੀਤ ਸਟੇਟ ਪੱਧਰ ’ਤੇ ਦੋ ਵਾਰ ਗੋਲਡ ਮੈਡਲ ਜਿੱਤ ਚੁੱਕੀ ਹੈ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਨੈਸ਼ਨਲ ਪੱਧਰ ‘ਤੇ ਸਕੂਲ ਦਾ ਇਹ ਦੂਜਾ ਮੈਡਲ ਹੈ, ਜੋ ਸਾਰੇ ਸਟਾਫ ਲਈ ਮਾਣ ਦੀ ਗੱਲ ਹੈ। ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਨੇ ਕੋਮਲਪ੍ਰੀਤ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵੀ ਕੋਮਲਪ੍ਰੀਤ ਦੇ ਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ’ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਨੌਜਵਾਨ ਖਿਡਾਰੀ ਹੀ ਪੰਜਾਬ ਦਾ ਭਵਿੱਖ ਰੋਸ਼ਨ ਕਰਨਗੇ।
3
