ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਤੇ ਬਿੱਗ ਬਰਡ ਵਿਚਾਲੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੁਝ ਦਿਨ ਪਹਿਲਾਂ ਸਿੱਧੂ ਮੂਸੇ ਵਾਲਾ ਦਾ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ’ਚ ਸਿੱਧੂ ਨੇ ਬਿੱਗ ਬਰਡ ਤੇ ਪ੍ਰੇਮ ਢਿੱਲੋਂ ਨੂੰ ਰਿਪਲਾਈ ਕੀਤਾ ਸੀ। ਹੁਣ ਇਸ ਗੀਤ ਤੋਂ ਬਾਅਦ ਬਿੱਗ ਬਰਡ ਦਾ ਰਿਪਲਾਈ ਵੀ ਸਾਹਮਣੇ ਆ ਗਿਆ ਹੈ।
ਬਿੱਗ ਬਰਡ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਹ ਲਿਖਦੇ ਹਨ, ‘ਉਹ ਪਾਗਲ ਹਨ ਕਿਉਂਕਿ ਮੈਂ ਜੋ ਕੁਝ ਵੀ ਕਰਦਾ ਹਾਂ, ਉਹ ਬਹੁਤ ਉੱਚਾ ਹੁੰਦਾ ਹੈ। ਸੈਲਫ ਮੇਡ, ਡਾਲਰ ਨਾਲ ਭਰੀ ਜੇਬ ਝੂਠ ਨਹੀਂ। ਉਨ੍ਹਾਂ ਨੂੰ ਗੱਲ ਕਰਨਾ ਬੰਦ ਕਰਨ ਲਈ ਕਹੋ ਤੇ ਬਸ ਸੁਣੋ। ਸੇਮ ਬੀਫ ਬਾਰੇ ਭੁੱਲ ਜਾਓ, ਮੈਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੈ। IDGAF, ਮਾਈ ਬਲਾਕ ’ਤੇ ਉਹ ਚੀਖ ਰਹੇ ਹੋਣਗੇ। ਅਸਲੀ ਸ਼ੈਤਾਨ ਕੌਣ ਹੈ? ਹੌਲੀ-ਹੌਲੀ ਪਤਾ ਲੱਗ ਜਾਵੇਗਾ।’
ਦੱਸ ਦੇਈਏ ਕਿ ਇਸ ’ਚ ਬਿੱਗ ਬਰਡ ਨੇ ਸਿੱਧੂ ਮੂਸੇ ਵਾਲਾ ਦੇ ਗੀਤ ‘ਸੋ ਹਾਈ’, ‘ਡਾਲਰ’, ‘ਜਸਟ ਲਿਸਨ’, ‘ਸੇਮ ਬੀਫ’, ‘ਆਈ ਡੀ. ਜੀ. ਏ. ਐੱਫ.’, ‘ਮਾਈ ਬਲਾਕ’ ਤੇ ‘ਡੈਵਿਲ’ ਦਾ ਜ਼ਿਕਰ ਕੀਤਾ ਹੈ। ਸਿੱਧੂ ਦੇ ਇਨ੍ਹਾਂ ਸਾਰੇ ਗੀਤਾਂ ਦਾ ਮਿਊਜ਼ਿਕ ਬਿੱਗ ਬਰਡ ਨੇ ਹੀ ਦਿੱਤਾ ਹੈ। ਇਸ ਪੋਸਟ ਰਾਹੀਂ ਬਿੱਗ ਬਰਡ ਇਸ਼ਾਰਾ ਕਰ ਰਹੇ ਹਨ ਕਿ ਉਨ੍ਹਾਂ ਵਲੋਂ ਹੀ ਉਸ ਦੇ ਗੀਤਾਂ ਨੂੰ ਹਿੱਟ ਕੀਤਾ ਗਿਆ ਹੈ।
ਸਿੱਧੂ ਮੂਸੇ ਵਾਲਾ ਦਾ ਬਿੱਗ ਬਰਡ ਤੇ ਸਨੀ ਮਾਲਟਨ ਨਾਲ ਗੀਤਾਂ ਦੀ ਪੇਮੈਂਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਵਿਵਾਦ ਦੇ ਥੋੜ੍ਹੇ ਸਮੇਂ ਬਾਅਦ ਸਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਨਾਲ ਆਪਣੇ ਮਸਲੇ ਨੂੰ ਹੱਲ ਕਰ ਲਿਆ ਤੇ ਇਕੱਠੇ ਗੀਤ ਰਿਲੀਜ਼ ਕਰਨ ਲੱਗ ਗਏ ਪਰ ਬਿੱਗ ਬਰਡ ਅਜੇ ਵੀ ਸਿੱਧੂ ਦਾ ਵਿਰੋਧ ਕਰ ਰਹੇ ਹਨ।