ਜਲੰਧਰ 21 ਨਵੰਬਰ ( ਰਾਖਾ ਪ੍ਰਭ ਬਿਉਰੋ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਸੀ.ਪੀ.ਆਈ. (ਐਮ.ਐਲ.) ਲਿਬ੍ਰੇਸ਼ਨ ਅਤੇ ਐਮ.ਸੀ.ਪੀ.ਆਈ.-ਯੂ. ਦੇ ਜਿਲ੍ਹਾ ਪੱਧਰੀ ਸਾਂਝੇ ਵਫਦਾਂ ਵਲੋਂ ਅੱਜ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਹਨ। ਭੇਜੇ ਗਏ ਮੰਗ ਪੱਤਰਾਂ ਰਾਹੀਂ ਚੰਡੀਗੜ੍ਹ ਵਿਖੇ ਹਰਿਆਣਾ ਦੀ ਰਾਜਧਾਨੀ ਉਸਾਰਨ ਲਈ ਜਗ੍ਹਾ ਅਤੇ ਫੰਡ ਦਿੱਤੇ ਜਾਣ ਦਾ ਕੇਂਦਰੀ ਸਰਕਾਰ ਦਾ ਅਨਿਆਂ ਪੂਰਨ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਵੱਖੋ-ਵੱਖ ਥਾਈਂ ਮਿਲੇ ਵਫਦਾਂ ਦੀ ਅਗਵਾਈ ਹੋਰਨਾਂ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਸੂਬਾਈ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਲਿਬ੍ਰੇਸ਼ਨ ਦੇ ਸੂਬਾਈ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਤੇ ਸੂਬਾ ਸਕੱਤਰੇਤ ਦੇ ਮੈਂਬਰ ਰਾਜਬਿੰਦਰ ਸਿੰਘ ਰਾਣਾ ਅਤੇ ਐਮ.ਸੀ.ਪੀ.ਆਈ.-ਯੂ ਦੇ ਸੂਬਾ ਸਕੱਤਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਨੇ ਕੀਤੀ ਹੈ।
ਉਪਰੋਕਤ ਆਗੂਆਂ ਨੇ ਉਕਤ ਸਾਜ਼ਿਸ਼ੀ ਫੈਸਲਾ ਰੱਦ ਕਰਵਾਉਣ ਅਤੇ ਪੰਜਾਬ ਨਾਲ ਲਗਾਤਾਰ ਕੀਤੇ ਜਾ ਰਹੇ ਧੱਕੇ-ਵਿਤਕਰੇ ਬੰਦ ਕਰਵਾਉਣ ਲਈ ਜਲਦ ਹੀ ਸਮੂਹ ਪੰਜਾਬ ਵਾਸੀਆਂ ਸਰਵ ਸਾਂਝਾ ਘੋਲ ਵਿੱਢਣ ਦਾ ਐਲਾਨ ਕੀਤਾ ਹੈ।
ਪੁੱਜੀਆਂ ਖਬਰਾਂ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਹੁਸ਼ਿਆਰਪੁਰ, ਬਠਿੰਡਾ, ਮਾਨਸਾ, ਬਰਨਾਲਾ, ਫਰੀਦਕੋਟ, ਸੰਗਰੂਰ, ਲੁੱਧਿਆਣਾ, ਪਟਿਆਲਾ, ਫਿਰੋਜ਼ਪੁਰ, ਮੋਗਾ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਤੋਂ ਇਲਾਵਾ ਅਬੋਹਰ ਦੇ ਐਸਡੀਐਮ ਰਾਹੀਂ ਮੰਗ ਪੱਤਰ ਭੇਜੇ ਗਏ ਹਨ।