ਫ਼ਿਰੋਜ਼ਪੁਰ 8 ਅਗਸਤ ਗੁਰਪ੍ਰੀਤ ਸਿੰਘ ਸਿੱਧੂ
ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਭਾਰਤ ਦੇ ਸਭ ਤੋਂ ਵਧੀਆ ਪਿੰਡ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਪਿੰਡ ਨੂਰਪੁਰ ਸੇਠਾਂ ਦੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਅਤੇ ਯੂਥ ਵੈਲਫੇਅਰ ਕਲੱਬ ਨੇ ਸਾਂਝੇ ਤੌਰ ’ਤੇ ਪਿੰਡ ਦੀ ਫਿਰਨੀ ਉਪਰ ਸਜਾਵਟੀ ਪੌਦੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਕਲਪ ਲਿਆ।
ਇਸ ਰੁੱਖ ਲਗਾਊ ਤੇ ਵਾਤਾਵਰਨ ਸੰਭਾਲ ਮੁਹਿੰਮ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫ਼ਿਰੋਜ਼ਪੁਰ ਅਮਰੀਕ ਸਿੰਘ ਨੇ ਦੋਹਾਂ ਕਲੱਬਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਦੋਵੇ ਕਲੱਬ ਲੋਕ ਸੇਵਾ ਦੇ ਕੰਮਾਂ ਵਿੱਚ ਮਦਦ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਅਤੇ ਯੂਥ ਵੈਲਫੇਅਰ ਕਲੱਬ ਨੇ ਹਮੇਸ਼ਾਂ ਹੀ ਅਹਿਮ ਯੋਗਦਾਨ ਪਾਇਆ ਹੈ ਇਸਦੇ ਨਾਲ ਪਿੰਡ ਦੀ ਸਜਾਵਟ ਅਤੇ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾ ਕੇ ਵਧੀਆ ਉਪਰਾਲਾ ਕੀਤਾ ਹੈ।
ਇਸ ਮੌਕੇ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਜੁਗਿੰਦਰ ਸਿੰਘ ਮਾਣਕ ਨੇ ਕਿਹਾ ਕਿ ਆਲਮੀ ਤਪਸ਼ ਕਾਰਨ ਵੱਧਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ, ਵਾਤਾਵਰਨ ਦੀ ਸੰਭਾਲ ਲਈ ਸਾਡੇ ਕਲੱਬ ਮੈਂਬਰ ਹਮੇਸ਼ਾਂ ਵਧੀਆ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਸੰਭਾਲ ਦੇ ਸੁਨੇਹੇ ਨਾਲ ਪਿੰਡ ਦੀ ਫਿਰਨੀ ਤੇ ਹੋਰ ਸਾਂਝੀਆਂ ਥਾਵਾਂ ’ਤੇ ਕਰੀਬ 200 ਸਜਾਵਟੀ ਪੌਦੇ ਲਗਾਏ ਗਏ ਹਨ। ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਜਤਿੰਦਰ ਸਿੰਘ ਡਿੰਪਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਲੱਬਾਂ ਵੱਲੋਂ ਪਿੰਡ ਵਿਚ ਲਗਾਏ ਗਏ ਰੁੱਖਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਸਮੂਹ ਨਗਰ ਵਾਸੀਆਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ।
ਇਸ ਮੌਕੇ ਹਰਜਿੰਦਰ ਸਿੰਘ ਥਿੰਦ ਸਕੱਤਰ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ, ਧਰਮਿੰਦਰ ਸਿੰਘ ਜੱਜ, ਸੁਖਮਿੰਦਰ ਸਿੰਘ ਸਾਮਾ, ਤਰਲੋਕ ਬੱਟੀ, ਕਾਕਾ ਬੱਟੀ, ਡਾਕਟਰ ਅਕਾਸ਼, ਪੰਮਾ ਬੱਟੀ ਬੱਟੀ, ਸੁਖਮੰਦਰ ਸਿੰਘ ਸਮੇਤ ਦੋਹਾਂ ਕਲੱਬਾਂ ਦੇ ਆਗੂ ਹਾਜ਼ਰ ਸਨ।