Home » ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਹਤ ਮੰਤਰੀ ਵਿਰੁੱਧ ਪਟਿਆਲਾ ਵਿਖੇ ਕੀਤੀ ਰੋਹ ਭਰਪੂਰ ਰੈਲੀ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਹਤ ਮੰਤਰੀ ਵਿਰੁੱਧ ਪਟਿਆਲਾ ਵਿਖੇ ਕੀਤੀ ਰੋਹ ਭਰਪੂਰ ਰੈਲੀ

ਸਿਹਤ ਮੰਤਰੀ ਵਲੋਂ 19 ਮਾਰਚ ਨੂੰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ

by Rakha Prabh
163 views

ਪਟਿਆਲਾ, 9 ਮਾਰਚ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅਗਾਊਂ ਐਲਾਨੇ ਗਏ ਸੰਘਰਸ਼ ਦੇ ਤਹਿਤ ਅੱਜ ਪੁੱਡਾ ਗਰਾਊਂਡ ਪਟਿਆਲਾ ਵਿਖੇ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ ਦੀ ਅਗਵਾਈ ਹੇਠ ਸਿਹਤ ਮੰਤਰੀ ਵਿਰੁੱਧ ਇੱਕ ਰੋਹ ਭਰਪੂਰ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੂਬੇ ਭਰ ਵਿਚੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਜਸਵਿੰਦਰ ਕੌਰ, ਸੰਦੀਪ ਕੌਰ ਪੱਤੀ, ਜਸਵੀਰ ਕੌਰ, ਹਰਨਿੰਦਰ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਇੰਦਰਜੀਤ ਕੌਰ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਸਹਿਤ ਸਾਰੇ ਹੀ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਚੋਣਾਂ ਤੋਂ ਪਹਿਲਾਂ ਆਸ਼ਾ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਅਤੇ ਇੰਨਸੈਨਟਿਵਾਂ ਨੂੰ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸੱਤਾ ਵਿੱਚ ਆਉਂਦਿਆ ਹੀ ਮੁੱਖ ਮੰਤਰੀ ਵਲੋਂ ਸਾਰੇ ਹੀ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ ਹੈ। ਸਿਹਤ ਮੰਤਰੀ ਵਲੋਂ ਵੀ ਜੱਥੇਬੰਦੀ ਨਾਲ ਕੀਤੀ ਗਈ ਮੀਟਿੰਗ ਮੌਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਵਾਬਜੂਦ ਵੀ ਕਿਸੇ ਵੀ ਮੰਗ ਨੂੰ ਪੂਰਾ ਕਰਨ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਸੂਬੇ ਅੰਦਰ ਆਸ਼ਾ ਵਰਕਰਾਂ ਅੰਦਰ ਭਾਰੀ ਰੋਸ ਹੈ।ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ, ਰਣਜੀਤ ਈਸਾਪੁਰ, ਲਖਵਿੰਦਰ ਖਾਨਪੁਰ, ਜਸਵਿੰਦਰ ਸੋਜਾ, ਰਕੇਸ਼ ਮਹਿਲਾਂਵਾਲੀ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਲੋਂ ਬਾਕੀ ਕੱਚੇ ਮੁਲਾਜ਼ਮਾਂ ਸਹਿਤ ਆਸ਼ਾਂ ਵਰਕਰਾਂ ਦੀਆਂ ਉਜਰਤਾਂ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਬਲਕਿ ਪੰਜਾਬ ਦੇ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਨੂੰ ਆਪਣੇ ਆਕਾ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣ ਅਤੇ ਉਸਦੇ ਐਸ਼ੋ-ਆਰਾਮ ਤੇ ਹੀ ਲੁਟਾਈ ਜਾ ਰਹੀ ਹੈ, ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬੱਜਟ ਵਿਚ ਵੀ ਇਹਨਾਂ ਮੁਲਾਜ਼ਮਾਂ ਨੂੰ ਕੋਈ ਵਿੱਤੀ ਲਾਭ ਦੀ ਤਜਵੀਜ਼ ਨਹੀਂ ਰੱਖੀ ਗਈ ਹੈ, ਅਸੈਂਬਲੀ ਵਿੱਚ ਵੀ ਮੁੱਖ ਮੰਤਰੀ ਵਲੋਂ ਸਿਰਫ ਸੌਂਕਣਾਂ ਵਾਂਗ ਮਿਹਣੇ ਹੀ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੇ ਮੁੱਦਿਆਂ ਨੂੰ ਤੇ ਛੋਹਿਆ ਵੀ ਨਹੀਂ ਜਾਂਦਾ। ਆਗੂਆਂ ਨੇ ਕਿਹਾ ਕਿ ਜੇਕਰ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਸ਼ਾ ਵਰਕਰਾਂ ਵਲੋਂ ਪਿੰਡਾਂ ਅੰਦਰ ਆਪ ਸਰਕਾਰ ਦੇ ਵਿਰੋਧ ਵਿੱਚ ਲਹਿਰ ਚਲਾਈ ਜਾਵੇਗੀ ਅਤੇ ਇੱਕ ਵੀ ਸੀਟ ਜਿੱਤਣ ਨਹੀਂ ਦਿੱਤੀ ਜਾਵੇਗੀ। ਰੈਲੀ ਕਰਨ ਉਪਰੰਤ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਆਕਸ਼ ਗੁੰਜਊ ਨਾਅਰਿਆਂ ਨਾਲ ਸਾਰਾ ਮਹੌਲ ਗਰਮਾਇਆ ਗਿਆ ਅਤੇ ਬੀਬੀਆਂ ਦਾ ਗੁੱਸਾ ਸੱਤਵੇ ਅਸਮਾਨ ਤੇ ਦਿਖਾਈ ਦੇ ਰਿਹਾ ਸੀ। ਆਸ਼ਾ ਵਰਕਰਾਂ ਦੇ ਰੋਹ ਨੂੰ ਦੇਖਦਿਆਂ ਤਹਿਸੀਲਦਾਰ ਮਨਮੋਹਣ ਕੌਸ਼ਲ ਵਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਮਿਤੀ 19 ਮਾਰਚ ਨੂੰ ਸਿਵਲ ਸਕੱਤਰੇਤ ਪੰਜਾਬ ਵਿਖੇ ਜੱਥੇਬੰਦੀ ਦੀ ਸਿਹਤ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ। ਬੁਲਾਰਿਆਂ ਵਲੋਂ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਅੰਦਰ ਲਿਆ ਕੇ 18,000 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇ, ਆਸ਼ਾ ਵਰਕਰਾਂ ਦੇ ਇੰਨਸੈਨਟਿਵ ਵਿੱਚ ਵਾਧਾ ਕੀਤਾ ਜਾਵੇ, ਆਸ਼ਾ ਫੈਸਿਲੀਟੇਟਰਾਂ ਨੂੰ ਹਰ ਮਹੀਨੇ 10,000 ਰੁਪਏ ਅਤੇ ਹਰੇਕ ਟੂਰ ਦਾ 500 ਰੁਪਏ ਦਿੱਤਾ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਸਮੇਂ ਸਿਰ ਦਿੱਤੀਆਂ ਜਾਣ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਭਾ ਆਈਡੀਆਂ ਬਣਾਉਣ ਦੇ ਮਾਣ ਭੱਤੇ ਨੂੰ ਦੁੱਗਣਾ ਕੀਤਾ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ 3 ਮਹੀਨੇ ਦੀ ਪ੍ਰਸੂਤਾ ਛੁੱਟੀ ਬੱਝਵੇਂ ਮਾਣ ਭੱਤੇ ਸਹਿਤ ਦਿੱਤੀ ਜਾਵੇ। 7 ਆਸ਼ਾ ਵਰਕਰਾਂ ਮਗਰ ਇੱਕ ਆਸ਼ਾ ਫੈਸਿਲੀਟੇਟਰ ਰੱਖੀ ਜਾਵੇ। ਇਸ ਰੈਲੀ ਨੂੰ ਚਰਨਜੀਤ ਬਰਨਾਲਾ, ਸ਼ਿੰਦਰ ਕਾਤਰੋਂ, ਜਸਵਿੰਦਰ ਕੌਰ ਹੁਸ਼ਿਆਰਪੁਰ, ਰਾਣੋ ਪੰਜਗਰਾਈਆਂ, ਅਕਬਰੀ ਫਤਿਹਗੜ੍ਹ, ਸਰਬਜੀਤ ਕੌਰ, ਗੁਰਮੀਤ ਹੰਡਾਇਆ, ਰਜਿੰੰਦਰ ਕੌਰ ਤਰਨਤਾਰਨ, ਨਿਰਮਲ ਪਠਾਣਕੋਟ, ਜਸਵੀਰ ਕੌਰ ਮਲੇਰਕੋਟਲਾ, ਸਿਮਰਨ ਸੰਗਰੂਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Related Articles

Leave a Comment