ਅਜਨਾਲਾ, 9 ਸਤੰਬਰ ( ਰਣਜੀਤ ਸਿੰਘ ਮਸੌਣ)
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਅੱਜ ਕੋਟ ਕੇਸਰ ਸਿੰਘ ਤੋਂ ਗੁਰਦੁਆਰਾ ਪਰੋ ਸਾਹਿਬ, ਵਾਇਆ ਫਿਰ ਵਰਿਆਂ, ਵਿਛੋਆ, ਮੱਤੇਨੰਗਲ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਵਿਸ਼ੇਸ਼ ਤਵੱਜੋਂ ਦੇ ਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੇਮਿਸਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਅਜਨਾਲਾ ਦੀ ਜ਼ਰੂਰਤ ਅਨੁਸਾਰ ਸੜਕਾਂ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸੜਕ ਉਤੇ ਕਰੀਬ 9 ਕਰੋੜ ਰੁਪਏ ਦੀ ਲਾਗਤ ਆਵੇਗੀ। ਮੰਤਰੀ ਧਾਲੀਵਾਲ ਨੇ ਕਿਹਾ ਕਿ ਮੀਂਹ ਕਾਰਨ ਜੋ ਵੀ ਸੜਕਾਂ ਦੇ ਨਿਰਮਾਣ ਕਾਰਜ ਰੁੱਕ ਗਏ ਸਨ, ਉਹ ਛੇਤੀ ਪੂਰੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਨਾਲਾ ਸ਼ਹਿਰ ਦੀ ਕੋਈ ਸੜਕ ਜਾਂ ਗਲੀ ਕੱਚੀ ਨਹੀਂ ਰਹੇਂਗੀ ਅਤੇ ਬੁਨਿਆਦੀ ਢਾਂਚੇ ਸਬੰਧੀ ਸਾਰੇ ਕੰਮ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਗਲੀਆਂ ਅਤੇ ਸੜਕਾਂ ਦੇ ਨਿਰਮਾਣ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ ਅਤੇ ਗੁਣਵੱਤਾ ਪੱਖੋਂ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕ਼ਾ ਨਿਵਾਸੀਆਂ ਦੀ ਮੰਗ ਦੇ ਹਿਸਾਬ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ।
ਇਸ ਮੌਕੇ ਐਕਸੀਅਨ ਦਿਆਲ ਸ਼ਰਮਾ, ਐਸ ਡੀ ਓ ਮਨਜਿੰਦਰ ਸਿੰਘ, ਬਲਦੇਵ ਸਿੰਘ ਬਾਗ ਵਾਲੇ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜ਼ੂਦ ਸਨ।