ਜ਼ੀਰਾ, 24 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਫੂਡ ਸੇਫਟੀ ਵਿਭਾਗ ਵੱਲੋਂ ਆਉਣ ਵਾਲੇ ਤਿਉਹਾਰਾਂ ਦੇ ਸਬੰਧ ਵਿੱਚ ਚੈਕਿੰਗ ਵਿੱਚ ਤੇਜੀ ਲਿਆਉਂਦੇ ਹੋਏ ਫਿਰੋਜ਼ਪੁਰ ਵਿਖੇ ਸਪੈਸਲ ਡਿਊਟੀ ‘ਤੇ ਲਗਾਏ ਗਏ ਡੀ.ਓ.(ਐੱਫ.ਐੱਸ.) ਤਰਨਤਾਰਨ ਡਾ: ਸੁਖਬੀਰ ਕੌਰ ਅਤੇ ਐੱਫਐੱਸਓ ਬਠਿੰਡਾ ਸਰਬਜੀਤ ਕੌਰ ਅਤੇ ਫੂਡ ਸੇਫਟੀ ਅਫਸਰ ਫਿਰੋਜ਼ਪੁਰ ਦੀ ਅਗਵਾਈ ਹੇਠ ਫਿਰੋਜ਼ਪੁਰ ਅਤੇ ਜ਼ੀਰਾ ਖੇਤਰਾਂ ਵਿੱਚ ਵੱਖ ਵੱਖ ਖਾਣ ਪੀਣ ਦੀਆਂ ਵਸਤੂਆਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਵਿਕਰੇਤਾਵਾਂ ਨੂੰ ਫੂਡ ਸੇਫਟੀ ਐਕਟ ਬਾਰੇ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਵੇਚਨ ਵਾਲੇ ਸਮਾਨ ਦੀ ਗੁਣਵਤਾ ਚੈੱਕ ਕਰਨ ਲਈ ਮਿਠਾਈ, ਡੇਅਰੀ ਉਤਪਾਦ, ਬਰਫੀ, ਲੱਡੂ, ਗੁਲਾਬ ਜਾਮੁਨ ਸਮੇਤ ਬਦਾਮ, ਕਾਜੂ, ਕਾਲੀ ਕਿਸ਼ਮਿਸ਼ ਆਦਿ ਵਸਤੂਆਂ ਦੇ ਸੈਂਪਲ ਲਏ ਗਏ ਅਤੇ ਜਾਂਚ ਲਈ ਲੈਬੋਰਟਰੀ ਵਿਖੇ ਭੇਜੇ ਗਏ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਮਿਲਾਵਟੀ ਚੀਜਾਂ ਵੇਚਣ ਤੋਂ ਗੁਰੇਜ਼ ਕਰਨ ਬਾਰੇ ਵੀ ਕਿਹਾ ਗਿਆ। ਉਨਾਂ ਦੁਕਾਨਦਾਰਾਂ ਨੂੰ ਫੂਟ ਸੇਫਟੀ ਐਕਟ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਮਿਲਾਟੀ ਸਮਾਨ ਵੇਚਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ, ਜੇਕਰ ਕੋਈ ਮਿਲਾਵਟੀ ਸਮਾਨ ਵੇਚਦਾ ਹੈ ਤਾਂ ਉਸ ਖਿਲਾਫ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।