Home » ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ

ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ

by Rakha Prabh
78 views

ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ
ਚੰਡੀਗੜ੍ਹ, 15 ਅਕਤੂਬਰ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਵਾਨਤ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸ ਦੇ ਦਰਿਆਈ ਪਾਣੀਆਂ ’ਤੇ ਇਕਲੌਤਾ ਹੱਕ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹਰਿਆਣਾ ਦੇ ਹਮਰੁਤਬਾ ਨਾਲ ਗੱਲਬਾਤ ’ਚ ਐਸਵਾਈਐਲ ’ਤੇ ਚਰਚਾ ਕਰਨ ਅਤੇ ਹਰਿਆਣਾ ਨੂੰ ਬਰਾਬਰ ਦਾ ਹਿੱਸਾ ਦੇਣ ਦੀ ਗੱਲ ਕਰਨ ਦੀ ਥਾਂ ’ਤੇ ਇਸ ਗੱਲ ’ਤੇ ਜੋਰਦੇਣਾ ਚਾਹੀਦਾ ਸੀ।

ਇਥੇ ਜਾਰੀ ਕੀਤੇ ਇਕ ਬਿਆਨ ’ਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਪਾਣੀ ਦੀ ਉਪਲਬਧਤਾ ਚੈੱਕ ਕਰਨ ਵਾਸਤੇ ਹਰਿਆਣਾ ਵੱਲੋਂ ਗੱਲਬਾਤ ਕਰਨ ਲਈ ਵਿਛਾਏ ਜਾਲ ’ਚ ਫਸ ਗਏ। ਉਨ੍ਹਾਂ ਕਿਹਾ ਕਿ ਅਜਿਹਾ ਇਸ ਗੱਲ ਦੇ ਬਾਵਜੂਦ ਕੀਤਾ ਗਿਆ ਕਿ ਗੈਰ ਰਾਈਪੇਰੀਅਨ ਰਾਜ ਹੋਣ ਦੇ ਕਾਰਨ ਹਰਿਆਣਾ ਦਾ ਮਾਮਲੇ ’ਚ ਕੋਈ ਹੱਕ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵੀ ਇਸ ਗੱਲ ’ਤੇ ਵਿਚਾਰ ਨਹੀਂ ਕੀਤਾ ਕਿ ਜੇਕਰ ਪੰਜਾਬ ਅਤੇ ਹਰਿਆਣਾ ’ਚ ਪਾਣੀ ਘੱਟ ਉਪਲਬਧ ਹੈ ਤਾਂ ਦੋਵਾਂ ਦਾ ਹਿੱਸਾ ਘੱਟ ਜਾਵੇਗਾ ਪਰ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਜਾਣ ਤੋਂ ਨਹੀਂ ਰੋਕਿਆ ਜਾ ਸਕੇਗਾ।

ਭਗਵੰਤ ਮਾਨ ਵੱਲੋਂ ਬਹੁਤ ਗਲਤ ਤਰੀਕੇ ਨਾਲ ਪੰਜਾਬ ਦਾ ਕੇਸ ਪੇਸ਼ ਕਰਨ ਦੀ ਜੋਰਦਾਰ ਨਿਖੇਧੀ ਕਰਦਿਆਂ ਸੁਖਬੀਰ ਬਾਦਲ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਮੁੱਖ ਮੰਤਰੀ ਦੀ ਹਾਜਰੀ ’ਚ ਇਹ ਦਾਅਵਾ ਕੀਤਾ ਕਿ ਜੇਕਰ ਸੂਬੇ ਕੋਲ ਪਾਣੀ ਹੋਇਆ ਤਾਂ ਉਹ ਐਸਵਾਈਐਲ ਦੀ ਉਸਾਰੀ ’ਤੇ ਗੌਰ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਆਪ ਨੂੰ ਤੁਰੰਤ ਇਸ ਸਟੈਂਡ ਤੋਂ ਵੱਖ ਕਰਨਾ ਚਾਹੀਦਾ ਹੈ ਅਤੇ ਪੰਜਾਬ ਵਿਰੋਧੀ ਬਿਆਨ ਦੇਣ ਲਈ ਏਜੀ ਦੀ ਨਿਖੇਧੀ ਕਰਨੀ ਚਾਹੀਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਜੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਨੇ ਪਾਣੀ ਦੀ ਮਾਤਰਾ ਦੀ ਗੱਲ ਕੀਤੀ ਅਤੇ ਆਪਣੀ ਪ੍ਰੈੱਸ ਕਾਨਫਰੰਸ ’ਚ ਆਪ ਹੀ ਇਹ ਮੰਨ ਲਿਆ ਕਿ ਜਿਸ ਜਮੀਨ ’ਤੇ ਐਸਵਾਈਐਲ ਸੀ ਉਹ ਪਿਛਲੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਡੀਨੋਟੀਫਾਈ ਹੋ ਗਈ ਹੈ ਅਤੇ ਜਮੀਨ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ ਅਤੇ ਜੋ ਉਸ ’ਤੇ ਕਾਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੂੰ ਪਤਾ ਸੀ ਕਿ ਜਮੀਨ ’ਤੇ ਐਸਵਾਈਐਲ ਨਾਂ ਦੀ ਕੋਈ ਨਹਿਰ ਨਹੀਂ ਹੈ ਤਾਂ ਫਿਰ ਉਨ੍ਹਾਂ ਤੇ ਏਜੀ ਨੇ ਪੰਜਾਬ ਵੱਲੋਂ ਇਹ ਵਾਅਦਾ ਕਿਉਂ ਕੀਤਾ ਕਿ ਜੇਕਰ ਪਾਣੀ ਦੀ ਮੌਜੂਦਾ ਉਪਲਬਧਤਾ ਦੀ ਮਿਣਤੀ ਹੋ ਗਈ ਤਾਂ ਸੂਬਾ ਐਸਵਾਈਐਲ ਦੀ ਉਸਾਰੀ ’ਤੇ ਗੌਰ ਕਰੇਗਾ।

ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਪੰਜਾਬੀਆਂ ਦੀਆਂ ਇੱਛਾਵਾਂ ਦੇ ਖਿਲਾਫ ਸੂਬੇ ਨੂੰ ਅੱਗ ਨਾ ਲਗਾਉਣ ਕਿਉਂਕਿ ਪੰਜਾਬੀ ਹਰਿਆਣਾ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਹਨ ਜੋ ਚਾਹੁੰਦੇ ਹਨ ਕਿ ਪੰਜਾਬ ਹਰਿਆਣਾ ਤੇ ਦਿੱਲੀ ਦੋਵਾਂ ਨੂੰ ਪਾਣੀ ਦੇਵੇ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਹੀ ਐਸਵਾਈਐਲ ਮੁੱਦਾ ਮੁੜ ਛੇੜਿਆ ਹੈ ਤੇ ਹਰਿਆਣਾ ਨੂੰ ਆਸ ਦਿੱਤੀ ਹੈ ਕਿ ਪੰਜਾਬ ਦੇ ਦਰਿਆਈ ਪਾਣੀ ਇਸ ਨੂੰ ਐਸਵਾਈਐਲ ਨਹਿਰ ਰਾਹੀਂ ਮਿਲ ਸਕਦੇ ਹਨ। ਹੁਣ ਅਜਿਹਾ ਜਾਪਦਾ ਹੈ ਕਿ ਭਗਵੰਤ ਮਾਨ ਇਕ ਪਹਿਲਾਂ ਤੋਂ ਤੈਅ ਪਟਕਥਾ ਮੁਤਾਬਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਭਗਵੰਤ ਮਾਨ ਨੂੰ ਐਸਵਾਈਐਲ ’ਤੇ ਸਟੈਂਡ ਨੁੰ ਕਮਜੋਰ ਕਰਨ ਲਈ ਮਾਫ ਨਹੀਂ ਕਰਨਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਵੱਲੋਂ ਪੰਜਾਬ ਤੇ ਹਰਿਆਣਾ ਨੂੰ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਸੁਪਰੀਮ ਕੋਰਟ ਵੱਲੋਂ ਕੀਤੀ ਹਦਾਇਤ ਦਾ ਹਵਾਲਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਚੇਤੇ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ ਸਿੰਘ ਬਾਦਲ ਨੇ ਐੱਸਵਾਈਐੱਲ ਦੀ ਉਸਾਰੀ ਕਰਨ ਲਈ ਸੁਪਰੀਮ ਕੋਰਟ ਵੱਲੋਂ ਕੀਤੇ ਹੁਕਮਾਂ ਦਾ ਕੀ ਜਵਾਬ ਦਿੱਤਾ ਸੀ। ਉਹਨਾਂ ਕਿਹਾ ਕਿ ਉਹ ਐੱਸਵਾਈਐੱਲ ਦੀ ਉਸਾਰੀ ਨਹੀਂ ਕਰਨਗੇ ਤੇ ਕਿਹਾ ਸੀ ਕਿ ਉਹ ਪੰਜਾਬ ਤੇ ਇਸਦੇ ਦਰਿਆਈ ਪਾਣੀਆਂ ਖਿਲਾਫ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਵਾਸਤੇ ਫਾਂਸੀ ਚੜ੍ਹਨ ਲਈ ਤਿਆਰ ਹਨ ਪਰ ਪੰਜਾਬ ਨੂੰ ਰਾਈਪੇਰੀਅਨ ਹੱਕਾਂ ਮੁਤਾਬਕ ਇਸਦੇ ਦਰਿਆਈ ਪਾਣੀਆਂ ਨੂੰ ਸਾਂਝਾ ਕਰਨ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ।

ਬਾਦਲ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਸੱਤਾ ਵਿਚ ਨਹੀਂ ਸਨ ਤਾਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਕਿ ਹਰਿਆਣਾ ਨਾਲ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਗੱਲਬਾਤ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਉਹ ਇਸ ਮਾਮਲੇ ’ਤੇ ਮਾਸੂਮ ਨਹੀਂ ਬਣ ਸਕਦੇ । ਉਹਨਾਂ ਨੇ ਆਪਣੀ ਅੰਤਰ ਆਤਮਾ ਕੇਜਰੀਵਾਲ ਨੂੰ ਸੌਂਪ ਦਿੱਤੀ ਹੈ ਤੇ ਇਸੇ ਕਾਰਨ ਉਹ ਮਨੋਹਰ ਲਾਲ ਖੱਟਰ ਨੂੰ ਮਿਲਣ ਤੋਂ ਨਾਂਹ ਨਹੀਂ ਕਰ ਸਕੇ।

 

Related Articles

Leave a Comment